ਅਵਤਾਰ ਸਿੰਘ ਧਾਲੀਵਾਲ
ਭਾਈਰੂਪਾ, 22 ਜੁਲਾਈ
ਪਿਛਲੇ ਦੋ ਦਿਨਾਂ ਤੋਂ ਪੈ ਰਹੇ ਮੀਂਹ ਨੇ ਨਗਰ ਪੰਚਾਇਤ ਭਾਈਰੂਪਾ ਦੇ ਨਾਕਸ ਪ੍ਰਬੰਧਾਂ ਦੀ ਪੋਲ ਖੋਲ੍ਹ ਦਿੱਤੀ ਹੈ। ਅਗਵਾੜ ਵਿਚਲੇ ਛੱਪੜ ਦਾ ਪਾਣੀ ਓਵਰ ਫਲੋਅ ਹੋ ਕੇ ਘਰਾਂ ਵਿੱਚ ਵੜ ਗਿਆ। ਅਗਵਾੜ ਬਾਬਾ ਮਹਾਨੰਦ ਦੇ ਨੌਜਵਾਨ ਆਗੂ ਗਗਨਦੀਪ ਸਿੰਘ, ਗੁਰਚਰਨ ਸਿੰਘ, ਗੁਰਮੇਲ ਸਿੰਘ ਅਤੇ ਸੋਹਣ ਸਿੰਘ ਫੌਜੀ ਨੇ ਦੱਸਿਆ ਕਿ ਛੱਪੜ ਦੇ ਪਾਣੀ ਦੇ ਨਿਕਾਸ ਵਾਲੀ ਮੋਟਰ ਪਿਛਲੇ ਕਾਫੀ ਸਮੇਂ ਤੋਂ ਬੰਦ ਪਈ ਹੈ ਜਿਸ ਬਾਰੇ ਕਈ ਵਾਰ ਨਗਰ ਪੰਚਾਇਤ ਦਫ਼ਤਰ ਦੇ ਧਿਆਨ ਵਿੱਚ ਲਿਆਂਦਾ ਜਾ ਚੁੱਕਾ ਹੈ ਪਰ ਕੋਈ ਹੱਲ ਨਹੀਂ ਹੋਇਆ। ਉਨ੍ਹਾਂ ਮੰਗ ਕੀਤੀ ਕਿ ਇਸ ਦਾ ਜਲਦੀ ਹੱਲ ਕੱਢਿਆ ਜਾਵੇ।
ਮਾਨਸਾ (ਹਰਦੀਪ ਸਿੰਘ ਜਟਾਣਾ): ਪਿੰਡ ਨੰਗਲ ਕਲਾਂ ਦਾ ਛੱਪੜ ਉੱਛਲਣ ਕਾਰਨ ਮੰਦਾ ਹਾਲ ਹੈ। ਇਸੇ ਤਰ੍ਹਾਂ ਪਿੰਡ ਖਿਆਲਾ ਕਲਾਂ ਦਾ ਗੰਦਾ ਛੱਪੜ ਉੱਛਲਣ ਕਰਕੇ ਮਾਨਸਾ ਪਟਿਆਲਾ ਮੁੱਖ ਸੜਕ ’ਤੇ ਆ ਗਿਆ। ਛੱਪੜ ਨੇੜੇ ਇੱਕ ਦਲਿਤ ਗਾਂਧੀ ਸਿੰਘ ਦੇ ਮਕਾਨ ਦੀ ਕੰਧ ਵੀ ਡਿੱਗ ਪਈ। ਪਿੰਡ ਠੂਠਿਆਂਵਾਲੀ ਦੇ ਛੱਪੜ ਨੇ ਵੀ ਪਿੰਡ ਵਾਹਣੀਂ ਪਾਇਆ ਹੋਇਆ ਹੈ। ਮਲਕਪੁਰ ਤੇ ਮਾਨਸਾ ਖੁਰਦ ਦੇ ਛੱਪੜ ਨੇ ਵੀ ਪਿੰਡ ਦੀ ਹਾਲਤ ਟੋਭੇ ਵਾਲੀ ਕਰ ਦਿੱਤੀ ਹੈ। ਸਿਹਤ ਵਿਭਾਗ ਨੇ ਤੇਰਾਂ ਪਿੰਡਾਂ ਦੇ ਛੱਪੜਾਂ `ਚ ਮੌਸਮੀ ਬਿਮਾਰੀ ਡੇਂਗੂ ਅਤੇ ਮਲੇਰੀਆ ਦਾ ਲਾਰਵਾ ਖਾਣ ਵਾਲੀਆਂ ਗੰਬੂਜ਼ੀਆ ਮੱਛੀਆਂ ਛੱਡੀਆਂ ਹੋਈਆਂ ਸਨ। ਗੰਬੂਜੀਆ ਮੱਛੀਆਂ ਵਾਲੇ ਪਿੰਡ ਬੁਰਜ ਢਿੱਲਵਾਂ ਅਤੇ ਖੜਕ ਸਿੰਘ ਵਾਲਾ ਦੇ ਛੱਪੜਾਂ ਦੀ ਹਾਲਤ ਵੀ ਦਰਿਆ ਵਾਲੀ ਹੈ। ਬੀਡੀਪੀਓ ਰਜਨੀਸ਼ ਕੁਮਾਰ ਨੇ ਕਿਹਾ ਮਗਨਰੇਗਾ ਤਹਿਤ ਕਾਫੀ ਛੱਪੜਾਂ ਦੀ ਸਫਾਈ ਕਰਵਾ ਦਿੱਤੀ ਗਈ ਸੀ ਅਤੇ ਬਾਕੀ ਦੀ ਚੱਲ ਰਹੀ ਹੈ।
ਸਰਦੂਲਗੜ੍ਹ (ਬਲਜੀਤ ਸਿੰਘ): ਗੰਦਾ ਪਾਣੀ ਘਰਾਂ ਵਿੱਚ ਵੜਣ ਕਰਕੇ ਬੁਰਾ ਹਾਲ ਹੈ। ਇਥੋਂ ਤੱਕ ਕਿ ਰੋੜਕੀ ਚੌਕ ਸਥਿਤ ਨਗਰ ਪੰਚਾਇਤ ਦਫ਼ਤਰ ਵੀ ਪਾਣੀ ਨਾਲ ਘਿਰਿਆ ਰਿਹਾ। ਕਾਰਜਸਾਧਕ ਅਫ਼ਸਰ ਨੇ ਕਿਹਾ ਪਾਣੀ ਦੀ ਨਿਕਾਸੀ ਜ਼ਿੰਮੇਵਾਰੀ ਉਨ੍ਹਾਂ ਦੀ ਨਹੀਂ ਇਹ ਸੀਵਰੇਜ ਬੋਰਡ ਦੀ ਜ਼ਿੰਮੇਵਾਰੀ ਹੈ। ਸੀਵਰੇਜ ਬੋਰਡ ਦੇ ਜੇਈ ਨੇ ਕਿਹਾ ਕਿ ਮੀਂਹ ਕਾਰਨ ਸਮੱਸਿਆ ਆਈ ਹੈ ਜਲਦੀ ਪਾਣੀ ਕੱਢਿਆ ਜਾ ਰਿਹਾ ਹੈ।
ਨਰਮੇ ਦੀ ਫਸਲ ਡੁੱਬੀ
ਝੁਨੀਰ (ਸੁਰਜੀਤ ਵਸ਼ਿਸ਼ਟ): ਇਲਾਕਾ ਝੁਨੀਰ ਦੇ 2 ਦਰਜਨ ਤੋਂ ਵਧੀਕ ਪਿੰਡਾਂ ਵਿੱਚ ਭਾਰੀ ਮੀਂਹ ਕਾਰਨ ਡਾਕਰ ਜਾਂ ਨੀਵੀਂ ਜ਼ਮੀਨ ਵਿੱਚ ਬੀਜੀ ਨਰਮੇ ਦੀ ਫ਼ਸਲ ਦਾ ਭਾਰੀ ਨੁਕਸਾਨ ਹੋਇਆ ਹੈ। ਪੰਜਾਬ ਕਿਸਾਨ ਯੂਨੀਅਨ ਦੇ ਬਲਾਕ ਇਕਾਈ ਦੇ ਪ੍ਰਧਾਨ ਅਮਰੀਕ ਸਿੰਘ ਕੋਟਧਰਮੂ, ਪ੍ਰੈੱਸ ਸਕੱਤਰ ਕਸ਼ਮੀਰ ਸਿੰਘ ਭੰਮਾਂ ਅਤੇ ਮੀਤ ਪ੍ਰਧਾਨ ਦਰਸ਼ਨ ਸਿੰਘ ਸਾਹਨੇਵਾਲੀ ਨੇ ਦੱਸਿਆ ਕਿ ਹਰ ਪਿੰਡ ਦੇ ਨੀਵੇਂ ਰਕਬੇ ਵਿੱਚ ਬੀਜੀ ਨਰਮੇ ਦੀ ਫ਼ਸਲ 2 ਫੁੱਟ ਤੋਂ ਵੱਧ ਗਹਿਰਾ ਪਾਣੀ ਖੜ੍ਹਨ ਕਾਰਨ ਖਤਰੇ ਵਿਚ ਆ ਗਈ ਹੈ। ਪਿੰਡ ਭੰਮੇ ਖੁਰਦ ਦੇ ਕਿਸਾਨ ਕਸ਼ਮੀਰ ਸਿੰਘ ਭੰਮਾ, ਭੋਲਾ ਸਿੰਘ ਸਾਬਕਾ ਮੈਂਬਰ, ਹਰਪ੍ਰੀਤ ਸਿੰਘ ਮੈਂਬਰ, ਹੈਪੀ ਸਿੰਘ ਪੰਚ ਅਤੇ ਮਿੱਠੂ ਸਿੰਘ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਰਾਜ ਸਰਕਾਰ ਤੋਂ ਤਬਾਹ ਹੋਈਆਂ ਫ਼ਸਲਾਂ ਦਾ ਤੁਰੰਤ ਸਰਵੇਖਣ ਕਰਕੇ ਪ੍ਰਭਾਵਿਤ ਕਿਸਾਨਾਂ ਨੂੰ ਢੁਕਵਾਂ ਮੁਆਵਜ਼ਾ ਦਿੱਤੇ ਜਾਣ ਦੀ ਤੁਰੰਤ ਮੰਗ ਕੀਤੀ ਹੈ। ਕਿਸਾਨ ਆਗੂ ਕਸ਼ਮੀਰ ਸਿੰਘ ਭੰਮਾ ਅਤੇ ਦਲਿਤ ਭਾਈਚਾਰੇ ਦੇ ਲੋਕਾਂ ਨੇ ਪਿੰਡ ਵਿੱਚ 7 ਢਹਿ ਚੁੱਕੇ ਘਰਾਂ ਦਾ ਵੀ ਢੁਕਵਾਂ ਮੁਆਵਜ਼ਾ ਦਿੱਤੇ ਜਾਣ ਦੀ ਮੰਗ ਕੀਤੀ ਹੈ ਤਾਂ ਕਿ ਗ਼ਰੀਬ ਲੋਕ ਆਪਣਾ ਘਰ ਦੁਬਾਰਾ ਬਣਾ ਸਕਣ।
ਨਿਕਾਸੀ ਨਾ ਹੋਣ ’ਤੇ ਦੁਕਾਨਦਾਰਾਂ ਵੱਲੋਂ ਪ੍ਰਦਰਸ਼ਨ
ਏਲਨਾਬਾਦ (ਜਗਤਾਰ ਸਮਾਲਸਰ): ਸ਼ਹਿਰ ਵਿੱਚ ਪਿਛਲੇ ਦੋ ਦਿਨ ਤੋਂ ਹੋਈ 23 ਐੱਮਐੱਮ ਬਰਸਾਤ ਕਾਰਨ ਨੀਂਵੇ ਇਲਾਕਿਆ ਵਿੱਚ ਪਾਣੀ ਭਰ ਗਿਆ। ਇਹ ਪਾਣੀ ਦੁਕਾਨਾਂ ਦੇ ਅੰਦਰ ਵੜ ਗਿਆ। ਗ਼ੁੱਸੇ ਵਿੱਚ ਆਏ ਦੁਕਾਨਦਾਰਾਂ ਨੇ ਸ਼ਹਿਰ ਦੇ ਮੁਮੇਰਾ ਚੌਕ ਦੇ ਕੋਲ ਪਾਣੀ ਵਿੱਚ ਖੜੇ ਹੋ ਕੇ ਸਰਕਾਰ ਅਤੇ ਨਗਰ ਪਾਲਿਕਾ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਦੁਕਾਨਦਾਰਾਂ ਨੇ ਆਖਿਆ ਕਿ ਪਾਣੀ ਨਿਕਾਸੀ ਲਈ ਬਜ਼ਾਰ ਵਿੱਚ ਬੋਰਵੈੱਲ ਕਰਕੇ ਲੱਖਾਂ ਰੁਪਏ ਖਰਚ ਕੀਤੇ ਗਏ ਪਰ ਕੋਈ ਫਾਇਦਾ ਨਹੀਂ ਹੋਇਆ। ਦੁਕਾਨਦਾਰਾਂ ਨੇ ਕਿਹਾ ਕਿ ਜੇਕਰ ਜਲਦੀ ਕੋਈ ਹੱਲ ਨਹੀਂ ਕੀਤਾ ਗਿਆ ਤਾਂ ਉਹ ਵੱਡੇ ਪੱਧਰ ’ਤੇ ਅੰਦੋਲਨ ਸ਼ੁਰੂ ਕਰਨਗੇ।