ਪਰਮਜੀਤ ਸਿੰਘ
ਫ਼ਾਜ਼ਿਲਕਾ, 15 ਅਪਰੈਲ
ਵਿਧਾਨ ਸਭਾ ਹਲਕਾ ਫਾਜ਼ਿਲਕਾ ਅਧੀਨ ਆਉਂਦੇ ਪਿੰਡ ਚਾਨਣ ਵਾਲਾ ਸੇਮ ਨਾਲੇ ਕੋਲ ਗੋਲੇ ਵਾਲੀ ਢਾਣੀ ’ਤੇ ਰਹਿੰਦੇ ਲੋਕਾਂ ਨੇ ਉਨ੍ਹਾਂ ਤੱਕ ਪੀਣ ਦਾ ਸਾਫ ਪਾਣੀ ਪਹੁੰਚਾਉਣ ਦੀ ਮੰਗ ਕੀਤੀ ਹੈ। ਪਿੰਡ ਵਾਸੀ ਗਿਆਨ ਸਿੰਘ, ਸੀਤਾ ਬਾਈ, ਪਰਮਜੀਤ ਕੌਰ, ਵੇਦ ਪ੍ਰਕਾਸ਼ ਤੇ ਹੋਰਨਾਂ ਦਾ ਕਹਿਣਾ ਹੈ ਕਿ ਉਹ ਪਿਛਲੇ ਕਈ ਸਾਲਾਂ ਤੋਂ ਇੱਥੇ ਰਹਿ ਰਹੇ ਹਨ। ਇਸੇ ਦੌਰਾਨ ਕਈ ਸਰਕਾਰਾਂ ਆਈਆਂ ਅਤੇ ਕਈ ਗਈਆਂ, ਪਰ ਹੁਣ ਤੱਕ ਉਨ੍ਹਾਂ ਨੂੰ ਪੀਣ ਦਾ ਸਾਫ ਪਾਣੀ ਨਸੀਬ ਨਹੀਂ ਹੋਇਆ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪਿੰਡ ’ਚ ਲੱਗੇ ਨਲਕਿਆਂ ਦਾ ਪਾਣੀ ਦੇਖਣ ਨੂੰ ਤਾਂ ਸਾਫ ਨਜ਼ਰ ਆਉਂਦਾ ਹੈ, ਪਰ ਇਹ ਪੀਣ ਨੂੰ ਬਹੁਤ ਖਾਰਾ ਹੈ। ਜੇ ਉਹ ਨਲਕਿਆਂ ਦਾ ਪਾਣੀ ਪੀਂਦੇ ਹਨ ਤਾਂ ਬੀਮਾਰ ਹੋ ਜਾਂਦੇ ਹਨ।
ਉਨ੍ਹਾਂ ਕਿਹਾ ਕਿ ਨਲਕਿਆਂ ਦਾ ਖਰਾਬ ਪਾਣੀ ਪੀਣ ਕਾਰਨ ਉਹ ਲੋਕ ਦਿਲ, ਗੁਰਦੇ ਦੀਆਂ ਬੀਮਾਰੀਆਂ ਤੋਂ ਇਲਾਵਾ ਕੈਂਸਰ ਵਰਗੀ ਖ਼ਤਰਨਾਕ ਬੀਮਾਰੀ ਦਾ ਸ਼ਿਕਾਰ ਹੋ ਰਹੇ ਹਨ। ਇਸ ਤੋਂ ਇਲਾਵਾ ਕੁਝ ਲੋਕਾਂ ਨੂੰ ਪੱਥਰੀਆਂ ਦੀ ਪ੍ਰੇਸ਼ਾਨੀ ਨਾਲ ਵੀ ਜੂਝਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਕੁਝ ਸਮਾਂ ਪਹਿਲਾਂ ਹੀ ਉਨ੍ਹਾਂ ਦੇ ਪਿੰਡ ਦੀਆਂ ਦੋ ਔਰਤਾਂ ਨੂੰ ਪੱਥਰੀਆਂ ਦਾ ਅਪਰੇਸ਼ਨ ਕਰਵਾਉਣਾ ਪਿਆ ਸੀ। ਸਬੰਧਿਤ ਡਾਕਟਰਾਂ ਵੱਲੋਂ ਪੱਥਰੀਆਂ ਦਾ ਕਾਰਨ ਖਰਾਬ ਪਾਣੀ ਦੱਸਿਆ ਗਿਆ। ਉਨ੍ਹਾਂ ਕਿਹਾ ਕਿ ਪਿੰਡ ’ਚ ਲੱਗੇ ਵਾਟਰ ਵਰਕਸ ਦਾ ਪਾਣੀ ਕੁਝ ਹੱਦ ਤੱਕ ਪੀਣ ਦੇ ਲਾਇਕ ਹੈ, ਪਰ ਉਹ ਪਾਣੀ ਵੀ ਉਨ੍ਹਾਂ ਤੱਕ ਨਹੀਂ ਪਹੁੰਚਦਾ। ਕਿਉਂਕਿ ਪਿੰਡ ’ਚ ਵਾਟਰ ਵਰਕਸ ਕੋਲ ਰਹਿੰਦੇ ਕਈ ਲੋਕਾਂ ਵੱਲੋਂ ਆਪਣੇ ਘਰਾਂ ਅੰਦਰ ਲੱਗੀਆਂ ਟੂਟੀਆਂ ਲਗਾਤਾਰ ਚਲਦੀਆਂ ਰਹਿੰਦੀਆਂ ਹਨ, ਪਰ ਉਨ੍ਹਾਂ ਦਾ ਘਰ ਪਿੰਡ ਦੇ ਬਾਹਰ ਵਾਟਰ ਵਰਕਸ ਤੋਂ ਕਾਫੀ ਦੂਰ ਹੋਣ ਕਾਰਨ ਉਨ੍ਹਾਂ ਤੱਕ ਇਸ ਦਾ ਪਾਣੀ ਨਹੀਂ ਪਹੁੰਚਦਾ। ਇਸ ਕਾਰਨ ਉਨ੍ਹਾਂ ਨੂੰ ਪੀਣ ਦਾ ਪਾਣੀ ਬਹੁਤ ਦੂਰੋਂ ਭਰ ਕੇ ਲਿਆਉਣਾ ਪੈਂਦਾ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਤੱਕ ਪੀਣ ਦਾ ਸਾਫ ਪਾਣੀ ਪਹੁੰਚਾਉਣ ਦਾ ਕੋਈ ਪ੍ਰਬੰਧ ਕੀਤਾ ਜਾਵੇ,ਤਾਂ ਜੋ ਉਹ ਖਰਾਬ ਪਾਣੀ ਪੀਣ ਕਾਰਨ ਹੋ ਰਹੀਆਂ ਬੀਮਾਰੀਆਂ ਤੋਂ ਬਚ ਸਕਣ।
ਕੀ ਕਹਿੰਦੇ ਨੇ ਫ਼ਾਜ਼ਿਲਕਾ ਦੇ ਵਿਧਾਇਕ ਨਰਿੰਦਰ ਪਾਲ ਸਿੰਘ
ਇਸ ਸਬੰਧੀ ਜਦੋਂ ਫ਼ਾਜ਼ਿਲਕਾ ਦੇ ਵਿਧਾਇਕ ਨਰਿੰਦਰ ਪਾਲ ਸਿੰਘ ਸਭਨਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਦੋ ਦਿਨ ਪਹਿਲਾਂ ਉਹ ਐਸੀ ਜਲ ਸਪਲਾਈ ਵਿਭਾਗ ਨਾਲ ਮੀਟਿੰਗ ਕਰ ਚੁੱਕੇ ਹਨ ਅਤੇ ਆਉਂਦੇ ਕੁਝ ਦਿਨਾਂ ਵਿੱਚ ਸਾਰੇ ਪਿੰਡਾਂ ਦਾ ਦੌਰਾ ਕਰਕੇ ਪਾਣੀ ਦੀ ਜਾਂਚ ਕਰਵਾਈ ਜਾਵੇਗੀ। ਜਿਸ ਪਿੰਡ ਜਾਂ ਸ਼ਹਿਰ ਦੇ ਮੁਹੱਲੇ ਵਿੱਚ ਸ਼ੁੱਧ ਪਾਣੀ ਮੁਹੱਈਆ ਕਰਵਾਉਣ ਅਤੇ ਜਿੱਥੇ ਪਾਣੀ ਪਹੁੰਚਣ ਸਬੰਧੀ ਕੋਈ ਕੰਮ ਕਰਨ ਵਾਲਾ ਹੈ ਉਹ ਜਲ ਸਪਲਾਈ ਮਹਿਕਮੇ ਤੋਂ ਕਰਵਾ ਕੇ ਲੋਕਾਂ ਨੂੰ ਪੀਣ ਯੋਗ ਪਾਣੀ ਦੀ ਸਪਲਾਈ ਯਕੀਨੀ ਬਣਾਉਣ ਦੇ ਉਪਰਾਲੇ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਪਿੰਡਾਂ ਵਿੱਚ ਪਾਣੀ ਮੁਹੱਈਆ ਕਰਵਾਉਣ ਲਈ ਪੰਜਾਬ ਸਰਕਾਰ ਦੇ ਸਬੰਧਤ ਮੰਤਰੀ ਨਾਲ ਉਹ ਪਹਿਲਾਂ ਮੀਟਿੰਗ ਕਰ ਚੁੱਕੇ ਹਨ ਅਤੇ ਜਲਦੀ ਹੀ ਸਾਰੇ ਮਸਲੇ ਹੱਲ ਕਰ ਲਏ ਜਾਣਗੇ।