ਪੱਤਰ ਪ੍ਰੇਰਕ
ਚਾਉਕੇ, 7 ਦਸੰਬਰ
ਰਾਮਪੁਰਾ ਬਲਾਕ ਦੇ ਪਿੰਡ ਕੋਟੜਾ ਕੋੜਾ ਵਿੱਚ ਜਲ ਸਪਲਾਈ ਵਿਭਾਗ ਵੱਲੋਂ ਘਰੇਲੂ ਪਾਣੀ ਦੇ ਭੇਜੇ ਜਾ ਹਰੇ ਹਜ਼ਾਰਾਂ ਰੁਪਏ ਦੇ ਬਿੱਲਾਂ ਦੇ ਪਿੰਡ ਵਾਸੀਆਂ ਦੀ ਨੀਂਦ ਹਰਾਮ ਕਰ ਦਿੱਤੀ ਹੈ। ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਪ੍ਰਧਾਨ ਜੋਰਾ ਸਿੰਘ ਨਸਰਾਲੀ ਨੇ ਦੱਸਿਆ ਕਿ ਹਰਬੰਸ ਸਿੰਘ ਪੁੱਤਰ ਹਰਦੇਵ ਸਿੰਘ ਦਾ 4100 ਰੁਪਏ, ਪ੍ਰੀਤਮ ਕੌਰ ਪਤਨੀ ਗੁਰਨਾਮ ਸਿੰਘ ਦਾ 3745 ਰੁਪਏ, ਜਗਦੇਵ ਸਿੰਘ ਪੁੱਤਰ ਸੋਹਣ ਸਿੰਘ ਦਾ 2480 ਰੁਪਏ, ਵੀਰਾ ਸਿੰਘ ਪੁੱਤਰ ਫਤੀਆ ਸਿੰਘ ਦਾ ਬਿੱਲ 3100 ਰੁਪਏ ਤੇ ਹਰਜਿੰਦਰ ਸਿੰਘ ਪੁੱਤਰ ਤੇਜਾ ਸਿੰਘ ਦਾ 6065 ਦਾ ਟੂਟੀ ਦਾ ਬਿੱਲ ਆਇਆ ਹੈ। ਇਨ੍ਹਾਂ ਸਭਨਾਂ ਨੂੰ 9 ਦਸੰਬਰ ਨੂੰ ਇਹ ਰਕਮ ਜਮ੍ਹਾਂ ਕਰਵਾਉਣ ਜਲ ਸਪਲਾਈ ਅਤੇ ਸੈਨੀਟੇਸ਼ਨ ਸਬ ਡਿਵੀਜ਼ਨ ਰਾਮਪੁਰਾ ਵੱਲੋਂ ਆਖ਼ਰੀ ਦਿਨ ਨੀਯਤ ਕੀਤਾ ਗਿਆ ਹੈ ਜਿਸ ਕਾਰਨ ਪਿੰਡ ਵਾਸੀਆਂ ਵਿਚ ਸਰਕਾਰ ਅਤੇ ਪ੍ਰਸ਼ਾਸਨ ਵਿਰੁੱਧ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਚਾਹ ਪੀਣ ਤੋਂ ਪਹਿਲਾਂ ਐਲਾਨਾਂ ਦੀਆਂ ਝੜੀਆਂ ਲਾ ਦਿੰਦਾ ਹੈ। ਪਰ ਲੋਕਾਂ ਵਿਸ਼ੇਸ਼ ਕਰਕੇ ਖੇਤ ਮਜ਼ਦੂਰਾਂ ਨੂੰ ਇਹ ਐਲਾਨ ਜ਼ਰਾ ਜਿੰਨੀ ਵੀ ਰਾਹਤ ਨਹੀਂ ਦਿਵਾ ਸਕੇ। ਜਲ ਸਪਲਾਈ ਵਿਭਾਗ ਦੇ ਅਧਿਕਾਰੀ ਹਰਵਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਬਕਾਇਆ ਮੁਆਫ਼ੀ ਬਾਰੇ ਉੱਚ ਅਧਿਕਾਰੀਆਂ ਵੱਲੋਂ ਕੋਈ ਹੁਕਮ ਨਹੀਂ ਆਇਆ ਜਦੋਂ ਵੀ ਹੁਕਮ ਆਉਣਗੇ ਤਾਂ ਖਪਤਕਾਰਾਂ ਦੇ ਬਕਾਏ ਮੁਆਫ਼ ਕਰ ਦਿੱਤੇ ਜਾਣਗੇ।