ਰਾਜਿੰਦਰ ਸਿੰਘ ਮਰਾਹੜ
ਭਗਤਾ ਭਾਈ, 2 ਜੁਲਾਈ
ਪਿੰਡ ਦਿਆਲਪੁਰਾ ਭਾਈਕਾ ਵਿੱਚ ਬੀਤੇ ਦਿਨੀਂ ਵਿਆਹੁਤਾ ਨਾਲ ਹੋਏ ਜਬਰ ਜਨਾਹ ਮਾਮਲੇ ਦੇ ਕਥਿਤ ਦੋਸ਼ੀਆਂ ਦੀ ਗ੍ਰਿਫਤਾਰੀ ਦੇ ਮਾਮਲੇ ਵਿਚ ਪੁਲੀਸ ਵੱਲੋਂ ਦਿਖਾਈ ਜਾ ਰਹੀ ਢਿੱਲਮੱਠ ਤੋਂ ਦੁਖੀ ਹੋ ਕੇ ਪੀੜਤ ਪਰਿਵਾਰ ਦੇ ਮੈਂਬਰ ਅੱਜ ਸਵੇਰੇ ਪਿੰਡ ਦੇ ਜਲ ਘਰ ਦੀ ਟੈਂਕੀ ‘ਤੇ ਚੜ੍ਹ ਗਏ। ਉਹ ਇਨਸਾਫ਼ ਦੀ ਮੰਗ ਕਰ ਰਹੇ ਸਨ।
ਗੌਰਤਲਬ ਹੈ ਕਿ ਇਸ ਮਾਮਲੇ ਵਿੱਚ ਪੁਲੀਸ ਨੇ ਪਿੰਡ ਦੇ ਹੀ ਤਿੰਨ ਵਿਅਕਤੀਆਂ ਖਿਲਾਫ ਧਾਰਾ 376, 34, 506 ਤਹਿਤ ਕੇਸ ਦਰਜ ਕੀਤਾ ਸੀ, ਪਰ ਮੁਲਜ਼ਮ ਅਜੇ ਵੀ ਪੁਲੀਸ ਦੀ ਗ੍ਰਿਫ਼ਤ ਤੋਂ ਬਾਹਰ ਹਨ। ਪੀੜਤ ਪਰਿਵਾਰ ਦੇ ਮੈਂਬਰ ਇਨਸਾਫ਼ ਦੀ ਮੰਗ ਨੂੰ ਲੈ ਕੇ ਅੱਜ ਜਲ ਘਰ ਦੀ ਟੈਂਕੀ ਕੋਲ ਇਕੱਠੇ ਹੋਏ। ਉਨ੍ਹਾਂ ਇਸ ਮੌਕੇ ਪੁਲੀਸ ਪ੍ਰਸ਼ਾਸਨ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਸ ਤੋਂ ਬਾਅਦ ਪੀੜਤ ਪਰਿਵਾਰ ਦੇ ਮੈਂਬਰ ਗੁਰਪ੍ਰੀਤ ਸਿੰਘ ਤੇ ਸੰਦੀਪ ਸਿੰਘ ਪੈਟਰੋਲ ਵਾਲੀਆਂ ਬੋਤਲਾਂ ਲੈ ਕੇ ਪਾਣੀ ਵਾਲੀ ਟੈਂਕੀ ਉਪਰ ਚੜ੍ਹ ਗਏ। ਉਨ੍ਹਾਂ ਕਿਹਾ ਕਿ ਜਦੋਂ ਤੱਕ ਪਰਿਵਾਰ ਨੂੰ ਇਨਸਾਫ ਨਹੀਂ ਮਿਲਦਾ ਉਹ ਹੇਠਾਂ ਨਹੀਂ ਉਤਰਨਗੇ। ਉਨ੍ਹਾਂ ਪੁਲੀਸ ’ਤੇ ਦੋਸ਼ ਲਾਇਆ ਕਿ ਮੁਲਜ਼ਮ ਪਹੁੰਚ ਵਾਲੇ ਹੋਣ ਜਿਸ ਕਰਕੇ ਉਨ੍ਹਾਂ ਦੀ ਸੁਣਵਾਈ ਨਹੀਂ ਕੀਤੀ ਜਾ ਰਹੀ। ਇਸ ਦਾ ਪਤਾ ਚੱਲਦੇ ਹੀ ਡੀਐੱਸਪੀ ਫੂਲ ਸਤਨਾਮ ਸਿੰਘ ਤੇ ਐਸਐਚਓ ਭਗਤਾ ਭਾਈ ਹਰਨੇਕ ਸਿੰਘ ਮੌਕੇ ‘ਤੇ ਪਹੁੰਚੇ ਤੇ ਪੀੜਤ ਪਰਿਵਾਰ ਦੇ ਮੈਂਬਰਾਂ ਨੂੰ ਸਮਝਾਉਣ ਵਿੱਚ ਰੁਝ ਗਏ। ਡੀਐੱਸਪੀ ਵੱਲੋਂ ਮੁਲਜ਼ਮਾਂ ਦੀ ਜਲਦੀ ਗ੍ਰਿਫ਼ਤਾਰੀ ਹੋਣ ਦਾ ਭਰੋਸਾ ਦਿੱਤੇ ਜਾਣ ਬਾਅਦ ਸ਼ਾਮ 5 ਵਜੇ ਦੇ ਕਰੀਬ ਪੀੜਤ ਪਰਿਵਾਰ ਦੇ ਮੈਂਬਰ ਟੈਂਕੀ ਤੋਂ ਹੇਠਾਂ ਉਤਰ ਆਏ।