ਪੱਤਰ ਪ੍ਰੇਰਕ
ਮਾਨਸਾ, 3 ਮਾਰਚ
ਸੂਬੇ ਭਰ ਵਿੱਚ ਸਭ ਤੋਂ ਵੱਧ 100023 ਵੋਟਾਂ ਲੈ ਕੇ ਜਿੱਤੇ ਮਾਨਸਾ ਤੋਂ ਆਪ ਦੇ ਡਾ. ਵਿਜੈ ਸਿੰਗਲਾ ਦਾ ਕਹਿਣਾ ਹੈ ਕਿ ਉਹ ਮਾਨਸਾ ਦੇ ਲੋਕਾਂ ਦੀ ਹਰ ਜ਼ਿੰਮੇਵਾਰੀ ਨੂੰ ਪਹਿਲ ਦੇ ਆਧਾਰ ’ਤੇ ਨਿਭਾਉਣਗੇ। ਉਨ੍ਹਾਂ ਕਿਹਾ ਕਿ ਜਿੰਨਾ ਵੱਡਾ ਫਤਵਾ ਲੋਕਾਂ ਨੇ ਦੇ ਕੇ ਉਨ੍ਹਾਂ ਨੂੰ ਜਿਤਾਇਆ ਹੈ, ਉਸ ਦਾ ਉਹ ਮੁੱਲ ਜ਼ਰੂਰ ਮੋੜਣਗੇ। ਉਨ੍ਹਾਂ ਆਪਣੇ ਵਿਰੋਧੀ ਨੌਜਵਾਨ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੂੰ 63 ਹਜ਼ਾਰ 223 ਦੇ ਵੱਡੇ ਫਰਕ ਨਾਲ ਹਰਾਇਆ ਹੈ, ਜਿਸ ਕਰਕੇ ਉਨ੍ਹਾਂ ਦੀ ਚਰਚਾ ਹਰ ਪਾਸੇ ਹੋ ਰਹੀ ਹੈ।
ਪਹਿਲੀ ਵਾਰ ਚੋਣ ਮੈਦਾਨ ਵਿੱਚ ਆਪ ਦੀ ਟਿਕਟ ’ਤੇ ਉੱਤਰੇ ਡਾ. ਸਿੰਗਲਾ ਆਮ ਆਦਮੀ ਹੋਣ ਦੇ ਨਾਲ-ਨਾਲ ਲੋਕਾਂ ਵਿੱਚ ਇਸ ਢੰਗ ਨਾਲ ਵਿਚਰੇ ਕਿ ਉਨ੍ਹਾਂ ਨੂੰ ਵੋਟਾਂ ਪਾਉਣ ਦਾ ਹੜ੍ਹ ਆ ਗਿਆ।
ਡਾ. ਵਿਜੈ ਸਿੰਗਲਾ ਲੰਮਾ ਸਮਾਂ ਸਮਾਜ ਸੇਵਾ ਅਤੇ ਇਨਵਾਇਰਮੈਂਟ ਸੁਸਾਇਟੀ ਮਾਨਸਾ ਰਾਹੀਂ ਵਾਤਾਵਰਣ ਨੂੰ ਦੂਸ਼ਿਤ ਹੋਣ ਤੋਂ ਬਚਾਉਣ ਲਈ ਜੱਦੋ-ਜਹਿਦ ਕਰਦੇ ਰਹੇ ਹਨ ਅਤੇ ਹੁਣ ਜਦੋਂ ਉਹ ਵਿਧਾਇਕ ਬਣ ਗਏ ਹਨ ਤਾਂ ਉਨ੍ਹਾਂ ਦਾ ਨਿਸ਼ਾਨਾ ਪਹਿਲਾਂ ਵਾਲਾ ਹੀ ਰਹਿਣ ਦੀ ਲੋਕਾਂ ਨੂੰ ਆਸ ਹੈ।
ਡਾ. ਵਿਜੈ ਸਿੰਗਲਾ ਦਾ ਕਹਿਣਾ ਹੈ ਕਿ ਸੂਬੇ ਵਿੱਚ ਆਪ ਦੀ ਸਰਕਾਰ ਬਣ ਗਈ ਹੈ ਅਤੇ ਲੋਕਾਂ ਨੇ ਆਪਣੇ ਫਰਜ਼ ਅਦਾ ਕਰ ਦਿੱਤੇ ਹਨ। ਹੁਣ ਫਰਜ਼ ਅਦਾ ਕਰਨ ਦੀ ਜ਼ਿੰਮੇਵਾਰੀ ਉਨ੍ਹਾਂ ਦੀ ਹੈ।