ਜੋਗਿੰਦਰ ਸਿੰਘ ਮਾਨ
ਮਾਨਸਾ, 8 ਜਨਵਰੀ
ਲਗਾਤਾਰ ਤਿੰਨ ਦਿਨਾਂ ਤੋਂ ਪੈ ਰਿਹਾ ਮੀਂਹ ਹੁਣ ਸਬਜ਼ੀ ਕਾਸ਼ਤਕਾਰਾਂ ਲਈ ਕਹਿਰ ਬਣਨ ਲੱਗਿਆ ਹੈ। ਤਾਜ਼ਾ ਬੀਜੀਆਂ ਸਬਜ਼ੀਆਂ ਅੱਜ ਪਏ ਮੀਂਹ ਦੇ ਪਾਣੀ ਵਿੱਚ ਡੁੱਬ ਗਈਆਂ ਜਿਨ੍ਹਾਂ ਦੇ ਮੁੜ ਤੰਦਰੁਸਤ ਹੋਣ ਦੀ ਉਮੀਦ ਖੇਤੀ ਮਾਹਿਰਾਂ ਨੂੰ ਘੱਟ ਹੀ ਵਿਖਾਈ ਦਿੰਦੀ ਹੈ। ਸਬਜ਼ੀ ਕਾਸ਼ਤਕਾਰਾਂ ਦਾ ਕਹਿਣਾ ਹੈ ਕਿ ਮੀਂਹ ਦੀਆਂ ਮੋਟੀਆਂ ਕਣੀਆਂ ਨੇ ਉਗਰਦੀਆਂ ਸਬਜ਼ੀਆਂ ਨੂੰ ਕੁੱਟ ਧਰਿਆ ਹੈ। ਇਨ੍ਹਾਂ ਸਬਜ਼ੀਆਂ ਵਿੱਚ ਸ਼ਿਮਲਾ ਮਿਰਚਾਂ, ਚੱਪਣ ਕੱਦੂ, ਖਰਬੂਜਾ, ਤੋਰੀ, ਕਰੇਲਾ, ਭਿੰਡੀ ਅਤੇ ਕੱਦੂ ਜਾਤੀ ਦੀਆਂ ਹੋਰ ਵੇਲਦਾਰ ਸਬਜ਼ੀਆਂ ਸ਼ਾਮਲ ਹਨ। ਮਾਨਸਾ ਨੇੜਲੇ ਸਬਜ਼ੀ ਦੀ ਕਾਸ਼ਤ ਕਰਨ ਵਾਲੇ ਇੱਕ ਦਰਜਨ ਤੋਂ ਵੱਧ ਪਿੰਡਾਂ ਵਿੱਚ ਇਸ ਮੀਂਹ ਨੇ ਗਰਮੀ ਦੀ ਅਗੇਤੀ ਸਬਜ਼ੀ ਨੂੰ ਮਾਰ ਧਰਿਆ ਹੈ।
ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਦੱਸਿਆ ਕਿ ਕਈ ਦਿਨਾਂ ਤੋਂ ਪੈ ਰਹੀ ਬਾਰਿਸ਼ ਜਿੱਥੇ ਹਾੜ੍ਹੀ ਦੀਆਂ ਫ਼ਸਲਾਂ ਲਈ ਫ਼ਾਇਦੇਮੰਦ ਸਾਬਤ ਹੋ ਰਹੀ ਹੈ, ਉੱਥੇ ਇਸ ਨਾਲ ਸਬਜ਼ੀ ਉਤਪਾਦਕ ਕਿਸਾਨਾਂ ਦੇ ਚਿਹਰੇ ਮੁਰਝਾ ਗਏ ਹਨ। ਉਨ੍ਹਾਂ ਕਿਹਾ ਕਿ ਖਾਸ ਕਰਕੇ ਸ਼ਿਮਲਾ ਮਿਰਚ ਉਤਪਾਦਕ ਜਾਂ ਖਰਬੂਜਾ ਪੈਦਾ ਕਰਨ ਵਾਲੇ ਕਿਸਾਨਾਂ ਨੂੰ ਭਾਰੀ ਨੁਕਸਾਨ ਹੋਣ ਦਾ ਡਰ ਪੈਦਾ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਇਕੱਲੇ ਪਿੰਡ ਭੈਣੀਬਾਘਾ ਵਿੱਚ ਹੀ ਕਿਸਾਨਾਂ ਵੱਲੋਂ ਆਮ ਫ਼ਸਲਾਂ ਤੋਂ ਹਟਕੇ ਵੱਡੀ ਪੱਧਰ ’ਤੇ ਸ਼ਿਮਲਾ ਮਿਰਚ ਆਪਣੇ ਖੇਤਾਂ ਵਿੱਚ ਲਾਈ ਹੋਈ ਹੈ, ਲਗਭਗ 500 ਏਕੜ ਰਕਬੇ ਵਿੱਚ ਸ਼ਿਮਲਾ ਮਿਰਚ ਤੇ 50 ਏਕੜ ਵਿੱਚ ਖ਼ਰਬੂਜ਼ੇ ਦੀ ਫ਼ਸਲ ਦਾ ਉਤਪਾਦ ਕੀਤਾ ਹੋਇਆ ਹੈ। ਪਿਛਲੇ ਕਈ ਦਿਨਾਂ ਤੋਂ ਲਗਾਤਾਰ ਬਾਰਿਸ਼ ਨਾਲ ਸ਼ਿਮਲਾ ਮਿਰਚ ਦੀਆਂ ਖਾਲਾਂ ਵਿੱਚ ਵੱਡੀ ਪੱਧਰ ਪਾਣੀ ਭਰ ਗਿਆ ਹੈ, ਜਿਸ ਨਾਲ ਮਿਰਚ ਨੂੰ ਸੁੱਕਣ ਦਾ ਡਰ ਪੈਦਾ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਪ੍ਰਤੀ ਏਕੜ ਮਿਰਚ ਪੈਦਾ ਕਰਨ ’ਤੇ ਲਗਭਗ ਹੁਣ ਤੱਕ ਬੀਜ ਲੇਬਰ ਕਾਗਜ਼ ਖਾਦਾਂ ਅਤੇ ਹੋਰ ਕੁੱਲ ਖ਼ਰਚ ਸਮੇਤ 70 ਹਜ਼ਾਰ ਪ੍ਰਤੀ ਏਕੜ ਦਾ ਖਰਚਾ ਹੋਇਆ। ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਗੋਰਾ ਸਿੰਘ ਨੇ ਦੱਸਿਆ ਕਿ ਅਗੇਤੀਆਂ ਕੱਦੂ ਜਾਤੀ ਦੀਆਂ ਸਬਜ਼ੀਆਂ ਦੇ ਹਾਈਬ੍ਰਿਡ ਬੀਜ ਮਹਿੰਗੇ ਹੋਣ ਕਾਰਨ ਕਿਸਾਨਾਂ ਦਾ ਮੀਂਹ ਨੇ ਜ਼ਿਆਦਾ ਆਰਥਿਕ ਨੁਕਸਾਨ ਕਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਬਹੁਤੇ ਕਿਸਾਨਾਂ ਨੇ ਪਛੇਤੀ ਮੂਲੀ ਵੀ ਲਾਈ ਹੋਈ ਸੀ, ਜੋ ਮੋਟੀਆਂ ਕਣੀਆਂ ਨੇ ਕੁੱਟ ਧਰੀ ਹੈ।
ਸਿਰਸਾ ਇਲਾਕੇ ਵਿੱਚ ਕਣਕ ਅਤੇ ਆਲੂਆਂ ਦੀ ਫ਼ਸਲ ਨੂੰ ਨੁਕਸਾਨ ਪੁੱਜਿਆ
ਸਿਰਸਾ (ਪ੍ਰਭੂ ਦਿਆਲ): ਪਿਛਲੇ ਤਿੰਨ ਦਿਨਾਂ ਤੋਂ ਇਲਾਕੇ ਵਿੱਚ ਰੁਕ ਰੁਕ ਕੇ ਪਏ ਮੀਂਹ ਨਾਲ ਕਈ ਥਾਈਂ ਕਣਕ ਅਤੇ ਆਲੂਆਂ ਦੀ ਫ਼ਸਲ ਨੂੰ ਨੁਕਸਾਨ ਹੋਇਆ ਹੈ। ਬਣੀ ਬੱਦਲਵਾਈ ਨੇ ਕਿਸਾਨਾਂ ਦੀ ਚਿੰਤਾ ਹੋਰ ਵਧਾ ਦਿੱਤੀ ਹੈ। ਸ਼ਹਿਰੀ ਖੇਤਰ ਦੀਆਂ ਨੀਵੀਂਆਂ ਥਾਵਾਂ ’ਤੇ ਭਰਿਆ ਪਾਣੀ ਤੇ ਚਿੱਕੜ ਲੋਕਾਂ ਲਈ ਮੁਸੀਬਤ ਬਣ ਗਿਆ ਹੈ। ਇਲਾਕੇ ਵਿੱਚ ਪਿਛਲੇ ਤਿੰਨ ਦਿਨਾਂ ਤੋਂ ਰੁਕ-ਰੁਕ ਕੇ ਪੈ ਰਿਹਾ ਮੀਂਹ ਹੁਣ ਕਈ ਥਾਈਂ ਕਿਸਾਨਾਂ ਤੇ ਆਮ ਲੋਕਾਂ ਲਈ ਮੁਸੀਬਤ ਬਣ ਗਿਆ ਹੈ। ਪੱਕੀ ਵੱਟ ਦੀਆਂ ਜ਼ਮੀਨਾਂ ’ਚ ਪਾਣੀ ਖੜ੍ਹਾ ਹੋਣ ਕਾਰਨ ਕਣਕ ਪੀਲੀ ਪੈਣੀ ਸ਼ੁਰੂ ਹੋ ਗਈ ਹੈ। ਕਈ ਥਾਈਂ ਆਲੂਆਂ ਦੀ ਫ਼ਸਲ ਨੂੰ ਵੀ ਨੁਕਸਾਨ ਪੁੱਜਾ ਹੈ। ਪਿੰਡ ਬਾਜੇਕਾਂ ਦੇ ਕਿਸਾਨ ਲਾਲ ਚੰਦ, ਲਛਮਣ ਦਾਸ, ਭਜਨ ਲਾਲ ਤੇ ਹੋਰਾਂ ਨੇ ਦੱਸਿਆ ਕਿ ਕਈ ਥਾਈਂਪੱ ਕੇ ਵੱਟ ਦੀਆਂ ਪੈਲੀਆਂ ’ਚ ਪਾਣੀ ਖੜ੍ਹ ਗਿਆ ਹੈ ਜਿਸ ਨਾਲ ਕਣਕ ਪੀਲੀ ਪੈਣੀ ਸ਼ੁਰੂ ਹੋ ਗਈ ਹੈ। ਇਸੇ ਤਰ੍ਹਾਂ ਪਿੰਡ ਸ਼ਿਕੰਦਰਪੁਰ ਦੇ ਕਿਸਾਨ ਸ਼ਾਮ ਲਾਲ, ਰਾਮ ਚੰਦ ਨੇ ਦੱਸਿਆ ਕਿ ਡੱਬਰ ਵਾਲੀ ਜ਼ਮੀਨ ’ਚ ਮੀਂਹ ਦਾ ਪਾਣੀ ਖੜ੍ਹਾ ਹੋਣ ਕਾਰਨ ਕਣਕ ਤੇ ਹੋਰ ਫ਼ਸਲਾਂ ਨੂੰ ਨੁਕਸਾਨ ਹੋਇਆ ਹੈ। ਕਿਸਾਨਾਂ ਨੇ ਦੱਸਿਆ ਕਿ ਜਿਹੜੀਆਂ ਫ਼ਸਲਾਂ ਨੂੰ ਮੀਂਹ ਤੋਂ ਪਹਿਲਾਂ ਪਾਣੀ ਲੱਗਿਆ ਹੋਇਆ ਸੀ, ਉਨ੍ਹਾਂ ਫ਼ਸਲਾਂ ਨੂੰ ਵੀ ਮੀਂਹ ਨਾਲ ਨੁਕਸਾਨ ਹੋਇਆ ਹੈ ਜਦੋਂਕਿ ਕੱਚੀਆਂ ਤੇ ਰੇਤੀਲੇ ਏਰੀਏ ਵਿੱਚ ਮੀਂਹ ਦਾ ਫ਼ਸਲਾਂ ਨੂੰ ਕਾਫੀ ਫਾਇਦਾ ਦੱਸਿਆ ਗਿਆ ਹੈ। ਸ਼ਹਿਰ ਵਿੱਚ ਲਗਾਤਾਰ ਪਏ ਮੀਂਹ ਕਾਰਨ ਕਈ ਨਵੀਆਂ ਥਾਵਾਂ ’ਤੇ ਪਾਣੀ ਭਰਨ ਤੇ ਚਿਕੜ ਬਣਨ ਨਾਲ ਲੋਕਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਹਾੜ੍ਹੀ ਦੀਆਂ ਫ਼ਸਲਾਂ ਲਈ ਰਹਿਮਤ ਬਣ ਕੇ ਵਰ੍ਹਿਆ ਮੀਂਹ
ਮੋਗਾ (ਮਹਿੰਦਰ ਸਿੰਘ ਰੱਤੀਆਂ): ਪੰਜਾਬ ਭਰ ’ਚ ਪਏ ਮੀਂਹ ਨੇ ਕਿਸਾਨਾਂ ਦੇ ਵਾਰੇ ਨਿਆਰੇ ਕਰ ਦਿੱਤੇ ਹਨ। ਬਾਰਿਸ਼ ਨਾਲ ਹਾੜ੍ਹੀ ਦੀਆਂ ਫ਼ਸਲਾਂ ਦਾ ਝਾੜ ਵਧਣ ਦੇ ਆਸਾਰ ਹਨ ਕਿਉਂਕਿ ਮੀਂਹ ਨੇ ਪੀਲੀ ਕੁੰਗੀ ਤੇ ਤੇਲਾ ਧੋ ਦਿੱਤਾ ਹੈ। ਰਾਜ ਪੁਰਸਕਾਰ ਜੇਤੂ ਖੇਤੀ ਵਿਗਿਆਨੀ ਡਾ. ਜਸਵਿੰਦਰ ਸਿੰਘ ਬਰਾੜ ਨੇ ਕਿਹਾ ਕਿ ਇਹ ਮੀਂਹ ਕਣਕ ਅਤੇ ਸਾਉਣੀ ਦੀਆਂ ਹੋਰਨਾਂ ਫ਼ਸਲਾਂ ਲਈ ਲਾਹੇਵੰਦ ਹੈ। ਉਨ੍ਹਾਂ ਕਿਹਾ ਕਿ ਡੂੰਘੇ ਹਲਾਂ ਨਾਲ ਵਾਹ ਕੇ ਬੀਜੀ ਕਣਕ ਵਿੱਚ ਟਿਊਬਵੈੱਲਾਂ ਦਾ ਮਾੜਾ ਖਾਰਾ ਪਾਣੀ ਮੀਂਹ ਦੇ ਪਾਣੀ ਨਾਲ ਧਰਤੀ ਹੇਠ ਜਾ ਰਿਹਾ ਹੈ ਜੋ ਫ਼ਸਲਾਂ ਲਈ ਲਾਹੇਵੰਦ ਹੈ। ਕਿਸਾਨ ਆਗੂ ਨਿਰਮਲ ਸਿੰਘ ਮਾਣੂੰਕੇ ਤੇ ਗੁਲਜ਼ਾਰ ਸਿੰਘ ਘੱਲਕਲਾਂ ਨੇ ਕਿਹਾ ਕਿ ਕਈ ਥਾਵਾਂ ਤੇ ਆਲੂ, ਗੋਭੀ ਤੇ ਹੋਰ ਫ਼ਸਲਾਂ ਦੇ ਖੇਤ ਨੱਕੋ-ਨੱਕ ਭਰ ਚੁੱਕੇ ਹਨ।