ਸ਼ਗਨ ਕਟਾਰੀਆ
ਬਠਿੰਡਾ, 5 ਸਤੰਬਰ
ਬੇਰੁਜ਼ਗਾਰ ਬੀ. ਐੱਡ ਅਧਿਆਪਕਾਂ ਨੇ ਅੱਜ ਰੁਜ਼ਗਾਰ ਲੈਣ ਲਈ ਇਥੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਦਫ਼ਤਰ ਅੱਗੇ ਖ਼ਾਲੀ ਪੀਪੇ ਖੜਕਾ ਕੇ ਅਧਿਆਪਕ ਦਿਵਸ ‘ਮਨਾਇਆ’। ਉਹ ਵਜ਼ੀਰ ਨੂੰ ਭੇਟ ਕਰਨ ਲਈ ਆਪਣੀਆਂ ਨਸਾਂ ’ਚੋਂ ਕੱਢੇ ਖ਼ੂਨ ਦਾ ਪਿਆਲਾ ਵੀ ਲੈ ਕੇ ਆਏ। ਉਹ ਤਰਕ ਦੇ ਰਹੇ ਸਨ ਕਿ ਸਰਕਾਰ ਸਾਢੇ ਸਾਲਾਂ ਤੋਂ ਉਨ੍ਹਾਂ ਦਾ ਖ਼ੂਨ ਪੀ ਰਹੀ ਹੈ ਅਤੇ ਉਹ ਹਕੀਕੀ ਰੂਪ ’ਚ ਪਿਆਉਣ ਲਈ ਖੁਦ ਖ਼ੂਨ ਦੇਣ ਆਏ ਹਨ। ਪ੍ਰਦਰਸ਼ਨਕਾਰੀਆਂ ਦਾ ਕਾਫ਼ਲਾ ਰੋਜ਼ ਗਾਰਡਨ ਤੋਂ ਰੋਸ ਮਾਰਚ ਕਰਦਾ ਹੋਇਆ ਵਿੱਤ ਮੰਤਰੀ ਦੇ ਦਫ਼ਤਰ ਅੱਗੇ ਪਹੁੰਚਿਆ।
ਟੈੱਟ ਪਾਸ ਬੇਰੁਜ਼ਗਾਰ ਬੀਐਡ ਅਧਿਆਪਕ ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ ਨੇ ਕਿਹਾ ਕਿ ‘ਘਰ-ਘਰ ਨੌਕਰੀ’ ਦੇ ਵਾਅਦੇ ਨਾਲ ਸੱਤਾ ਵਿੱਚ ਆਈ ਕੈਪਟਨ ਸਰਕਾਰ ਤੋਂ ਜਦੋਂ ਵੀ ਉਨ੍ਹਾਂ ਰੁਜ਼ਗਾਰ ਮੰਗਿਆ ਤਾਂ ਅੱਗੋਂ ਉੱਤਰ ਸੀ ਕਿ ‘ਖ਼ਜ਼ਾਨਾ ਖਾਲੀ ਹੈ’। ਉਨ੍ਹਾਂ ਸੁਆਲ ਚੁੱਕੇ ਕਿ ਖ਼ਜ਼ਾਨਾ ਸਿਰਫ ਬੇਰੁਜ਼ਗਾਰਾਂ ਨੂੰ ਭਰਤੀ ਸਮੇਂ ਹੀ ਕਿਉਂ ਖਾਲੀ ਹੁੰਦਾ ਹੈ ਜਦ ਕਿ ਮੰਤਰੀਆਂ ਤੇ ਵਿਧਾਇਕਾਂ ਨੂੰ ਨਵੀਆਂ ਲਗਜ਼ਰੀ ਗੱਡੀਆਂ ਦੇਣ ਅਤੇ ਪੰਜ-ਪੰਜ, ਛੇ-ਛੇ ਪੈਨਸ਼ਨਾਂ ਅਤੇ ਬੇਲੋੜੇ ਭੱਤੇ ਦੇਣ ਸਮੇਂ ਭਰ ਜਾਂਦਾ ਹੈ? ਉਨ੍ਹਾਂ ਕਿ ਖਜ਼ਾਨਾ ਮੰਤਰੀ ’ਤੇ ਦੋਸ਼ ਲਾਇਆ ਗਿਆ ਕਿ ਉਹ ਬੇਰੁਜ਼ਗਾਰ ਤੇ ਗਰੀਬ ਵਿਰੋਧੀ ਹੈ ਕਿਉਂ ਕਿ ਪਿਛਲੇ ਸਾਢੇ ਚਾਰ ਸਾਲਾਂ ਤੋਂ ਵਿੱਤ ਮੰਤਰੀ ਹੁੰਦਿਆਂ ਹੋਇਆਂ, ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਗਰੀਬ ਵਰਗ ਦੇ ਵਿਦਆਰਥੀਆਂ ਨੂੰ ਸਕੂਲਾਂ ’ਚ ਪੂਰੇ ਅਧਿਆਪਕ ਮੁਹੱਈਆ ਨਹੀਂ ਮਿਲ ਸਕੇ।
ਆਗੂ ਗੁਰਪ੍ਰੀਤ ਸਿੰਘ ਪੱਕਾ ਕਲਾਂ ਨੇ ਕਿਹਾ ਕਿ ਖ਼ਜ਼ਾਨਾ ਮੰਤਰੀ ਹਰ ਸਮੇਂ ‘ਖ਼ਜ਼ਾਨਾ ਖਾਲੀ ਹੈ’ ਕੂਕਦੇ ਰਹਿੰਦੇ ਹਨ। ਜੇ ਸੱਚਮੁੱਚ ਹੀ ਖ਼ਜ਼ਾਨਾ ਖਾਲੀ ਹੈ ਤਾਂ ਉਹ ਅਸਤੀਫ਼ਾ ਕਿਉਂ ਨਹੀਂ ਦੇ ਦਿੰਦੇ? ਉਨ੍ਹਾਂ ਇਲਜ਼ਾਮ ਲਾਇਆ ਕਿ ਰਸੂਖ਼ਵਾਨਾਂ ਦੇ ਮੁੰਡਿਆਂ ਨੂੰ ਸਿੱਧੇ ਉੱਚ ਅਫ਼ਸਰ ਭਰਤੀ ਕੀਤਾ ਜਾ ਰਿਹਾ ਹੈ ਪਰ ਗਰੀਬਾਂ ਨੂੰ ਛੋਟੀਆਂ ਆਸਾਮੀਆਂ ਵੀ ਨਸੀਬ ਨਹੀਂ।
ਵਿਖਾਵਾਕਾਰੀ ਅਧਿਆਪਕਾਂ ਨੇ ਖ਼ਜ਼ਾਨਾ ਮੰਤਰੀ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਨੇ ਬੇਰੁਜ਼ਗਾਰ ਅਧਿਆਪਕਾਂ ਦੀਆਂ ਮੰਗਾਂ ਵੱਲ ਫੌਰੀ ਧਿਆਨ ਨਾ ਦਿੱਤਾ ਤਾਂ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਕੋਠੀ ਦੇ ਘਿਰਾਓ ਦੀ ਤਰਜ਼ ’ਤੇ ਖਜ਼ਾਨਾ ਮੰਤਰੀ ਖਿਲਾਫ਼ ਵੀ ਮੋਰਚਾ ਖੋਲ੍ਹਿਆ ਜਾਵੇਗਾ।
ਡੱਬੀ::::::::::::: ਭਰੋਸਾ ਮਿਲਣ ’ਤੇ ਪ੍ਰਦਰਸ਼ਨਕਾਰੀ ਹੋਏ ਸ਼ਾਂਤ
ਪ੍ਰਸ਼ਾਸਨ ਵੱਲੋਂ ਮੌਕੇ ’ਤੇ ਪਹੁੰਚੇ ਨਾਇਬ ਤਹਿਸੀਲਦਾਰ ਨੇ ਵਿਖਾਵਾਕਾਰੀਆਂ ਤੋਂ ਮੰਗ ਪੱਤਰ ਲੈਂਦਿਆਂ 8 ਸਬੰਬਰ ਨੂੰ ਸਵੇਰੇ 11 ਵਜੇ ਵਿੱਤ ਮੰਤਰੀ ਨਾਲ ਚੰਡੀਗੜ੍ਹ ਮੀਟਿੰਗ ਕਰਵਾਉਣ ਦਾ ਭਰੋਸਾ ਦਿੱਤਾ। ਅਧਿਕਾਰੀ ਨੇ ਪ੍ਰਦਰਸ਼ਨਕਾਰੀਆਂ ਵੱਲੋਂ ਪੇਸ਼ ਕੀਤਾ ਖੂਨ ਦਾ ਪਿਆਲਾ ਲੈਣ ਤੋਂ ਇਨਕਾਰੀ ਹੋਣ ’ਤੇ ਅਧਿਆਪਕਾਂ ਨੇ ਖ਼ੂਨ ਬੈਰੀਕੇਡਾਂ ’ਤੇ ਡੋਲ੍ਹ ਕੇ ਉਨ੍ਹਾਂ ਨੂੰ ਰੱਤੇ ਕਰ ਦਿੱਤਾ।
ਕੈਪਸ਼ਨ: ਬਠਿੰਡਾ ਵਿਚ ਖਾਲੀ ਪੀਪੀ ਖੜਕਾਉਂਦੇ ਹੋਏ ਬੇਰੁਜ਼ਗਾਰ ਅਧਿਆਪਕ। ਫੋਟੋ: ਪਵਨ ਸ਼ਰਮਾ