ਜਸਵੰਤ ਜੱਸ
ਫ਼ਰੀਦਕੋਟ, 12 ਜੂਨ
ਡੀਸੀ ਵੱਲੋਂ ਲਿਖਤੀ ਮਨਾਹੀ ਦੇ ਬਾਵਜੂਦ ਫ਼ਰੀਦਕੋਟ ਸ਼ਹਿਰ ’ਚੋਂ ਲੰਘਦੀਆਂ ਜੌੜੀਆਂ ਨਹਿਰਾਂ ਦੇ ਕੰਢਿਆਂ ’ਤੇ ਪੱਤਿਆਂ ਨੂੰ ਅੱਗ ਲਾਉਣ ਦੇ ਬਹਾਨੇ ਸੈਂਕੜੇ ਰੁੱਖ ਸਾੜਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਗੱਲ ਤੋਂ ਪ੍ਰੇਸ਼ਾਨ ਸ਼ਹਿਰ ਵਾਸੀਆਂ ਅਤੇ ਵਾਤਾਵਰਨ ਪ੍ਰੇਮੀਆਂ ਨੇ ਅੱਜ ਤੜਕਸਾਰ ਹੀ ਡਿਪਟੀ ਕਮਿਸ਼ਨਰ ਦੀ ਸਰਕਾਰੀ ਰਿਹਾਇਸ਼ ਨੂੰ ਘੇਰ ਲਿਆ ਅਤੇ ਦੋਸ਼ ਲਾਇਆ ਕਿ ਪ੍ਰਸ਼ਾਸਨ ਆਪਣੇ ਜਾਰੀ ਕੀਤੇ ਹੁਕਮਾਂ ਨੂੰ ਹੀ ਲਾਗੂ ਕਰਵਾਉਣ ਵਿੱਚ ਅਸਫ਼ਲ ਰਿਹਾ ਹੈ। ਉਨ੍ਹਾਂ ਕਿਹਾ ਕਿ ਪਾਬੰਦੀ ਦੇ ਬਾਵਜੂਦ ਸ਼ਰ੍ਹੇਆਮ ਹਰ ਥਾਂ ’ਤੇ ਅੱਗ ਲੱਗ ਰਹੀ ਹੈ ਪਰ ਪ੍ਰਸ਼ਾਸਨ ਕਸੂਰਵਾਰਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਨਹੀਂ ਕਰ ਰਿਹਾ।
ਇਸ ਮੌਕੇ ਫ਼ਰੀਦਕੋਟ ਦੇ ਵਸਨੀਕ ਕੈਪਟਨ ਧਰਮ ਸਿੰਘ, ਸ਼ੰਕਰ ਰਾਮ, ਸੰਦੀਪ ਗਰਗ, ਬਸੰਤ ਭਲੂਰ, ਸੰਜੀਵ ਗੁਪਤਾ, ਗਗਨ ਪਾਹਵਾ, ਜਤਿੰਦਰ ਸਿੰਘ, ਬਲਜਿੰਦਰ ਸਿੰਘ ਅਤੇ ਦਵਿੰਦਰ ਸਿੰਘ ਨੇ ਕਿਹਾ ਕਿ ਰੁੱਖ ਸਾੜਨ ਦੀਆਂ ਘਟਨਾਵਾਂ ਬਾਰੇ ਉਹ ਕਈ ਵਾਰ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਮਿਲ ਚੁੱਕੇ ਹਨ ਪਰ ਇਸ ਦੇ ਬਾਵਜੂਦ ਕੋਈ ਪੁਖਤਾ ਕਾਰਵਾਈ ਨਹੀਂ ਹੋਈ ਜਿਸ ਕਰਕੇ ਉਨ੍ਹਾਂ ਨੂੰ ਰੁੱਖ ਬਚਾਉਣ ਲਈ ਅੱਜ ਸਖ਼ਤ ਗਰਮੀ ਦੇ ਬਾਵਜੂਦ ਧਰਨੇ ’ਤੇ ਬੈਠਣਾ ਪਿਆ। ਲੋਕਾਂ ਨੂੰ ਸ਼ਾਂਤ ਕਰਨ ਲਈ ਮੌਕੇ ’ਤੇ ਪੁੱਜੇ ਜੰਗਲਾਤ ਵਿਭਾਗ ਦੇ ਮੁਖੀ ਤੇਜਿੰਦਰਪਾਲ ਸਿੰਘ ਨੇ ਕਿਹਾ ਕਿ ਜੰਗਲਾਤ ਵਿਭਾਗ ਲਗਾਤਾਰ ਅਜਿਹੇ ਵਿਅਕਤੀਆਂ ਦੀ ਸ਼ਨਾਖਤ ਕਰ ਰਿਹਾ ਹੈ ਜੋ ਕੂੜੇ ਦੇ ਬਹਾਨੇ ਰੁੱਖਾਂ ਨੂੰ ਅੱਗ ਲਾ ਰਹੇ ਹਨ। ਉਨ੍ਹਾਂ ਕਿਹਾ ਕਿ ਜੰਗਲਾਤ ਵਿਭਾਗ ਨੇ 50 ਤੋਂ ਵੱਧ ਵਿਅਕਤੀਆਂ ਦੇ ਚਲਾਨ ਕੱਟੇ ਹਨ ਅਤੇ ਉਨ੍ਹਾਂ ਦੀ ਟਾਸਕ ਫੋਰਸ ਅਜਿਹੇ ਲੋਕਾਂ ਦੀ ਸ਼ਨਾਖਤ ਕਰ ਰਹੀ ਹੈ ਜੋ ਜਨਤਕ ਥਾਵਾਂ ’ਤੇ ਖੜ੍ਹੇ ਰੁੱਖਾਂ ਨੂੰ ਅੱਗ ਲਾ ਕੇ ਸਾੜ ਰਹੇ ਹਨ।
ਭਵਿੱਖ ਵਿੱਚ ਰੁੱਖ ਸਾੜਨ ਦੀ ਘਟਨਾ ਨਹੀਂ ਵਾਪਰੇਗੀ: ਐੱਸਡੀਐੱਮ
ਐੱਸਡੀਐੱਮ ਬਲਜੀਤ ਕੌਰ ਨੇ ਸ਼ਹਿਰ ਵਾਸੀਆਂ ਨੂੰ ਭਰੋਸਾ ਦਿਵਾਇਆ ਕਿ ਸ਼ਹਿਰ ਵਿੱਚ ਅੱਜ ਤੋਂ ਬਾਅਦ ਕਿਤੇ ਵੀ ਰੁੱਖਾਂ ਨੂੰ ਸਾੜਨ ਦੀ ਘਟਨਾ ਨਹੀਂ ਵਾਪਰੇਗੀ ਅਤੇ ਕਿਸੇ ਵੀ ਵਿਅਕਤੀ ਨੂੰ ਕੂੜੇ ਨੂੰ ਵੀ ਅੱਗ ਨਹੀਂ ਲਾਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਲੋਕ ਕੂੜੇ ਨੂੰ ਅੱਗ ਲਾਉਂਦੇ ਹਨ ਅਤੇ ਇਹ ਅੱਗ ਤੇਜ਼ ਗਰਮੀ ਕਾਰਨ ਰੁੱਖਾਂ ਨੂੰ ਆਪਣੀ ਲਪੇਟ ਵਿੱਚ ਲੈ ਲੈਂਦੀ ਹੈ ਜਿਸ ਕਾਰਨ ਸ਼ਹਿਰ ਵਿੱਚ ਰੁੱਖ ਸਾੜਨ ਦੀਆਂ ਘਟਨਾਵਾਂ ਵਾਪਰੀਆਂ ਹਨ।