ਜੋਗਿੰਦਰ ਸਿੰਘ ਮਾਨ
ਮਾਨਸਾ, 28 ਜੁਲਾਈ
ਮਾਨਸਾ ਨੇੜਲੇ ਪਿੰਡ ਖਿਆਲਾ ਕਲਾਂ ਅਤੇ ਪੈਰੋਂ ਵਿੱਚ ਨਰਮੇ ਦੀ ਫ਼ਸਲ ’ਤੇ ਚਿੱਟੀ ਮੱਖੀ ਅਤੇ ਗੁਲਾਬੀ ਸੁੰਡੀ ਦੇ ਹਮਲੇ ਤੋਂ ਅੱਕ-ਥੱਕ ਕੇ ਕਿਸਾਨਾਂ ਵੱਲੋਂ ਨਰਮੇ ਨੂੰ ਵਾਹਿਆ ਗਿਆ ਹੈ। ਪਿੰਡ ਖਿਆਲਾ ਕਲਾਂ ਦੇ ਬਚਿੱਤਰ ਸਿੰਘ 2 ਏਕੜ ਅਤੇ ਪਿੰਡ ਪੈਰੋਂ ਦੇ ਕਿਸਾਨ ਰਾਜ ਸਿੰਘ 3 ਏਕੜ, ਰਣਜੀਤ ਸਿੰਘ 2 ਏਕੜ, ਪ੍ਰਮੇਸ਼ਰ ਸਿੰਘ 2 ਏਕੜ ਨਰਮੇ ਦੀ ਫ਼ਸਲ ਨੂੰ ਵਾਹਿਆ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਦੇ ਜ਼ਿਲ੍ਹਾ ਪ੍ਰਧਾਨ ਲਖਵੀਰ ਅਕਲੀਆ ਨੇ ਕਿਹਾ ਕਿ ਸਰਕਾਰ ਖ਼ਰਾਬ ਹੋਏ ਨਰਮੇ ਦੀਆਂ ਗਿਰਦਾਵਰੀਆਂ ਫੌਰੀ ਤੌਰ ’ਤੇ ਨਹੀਂ ਕਰਵਾਉਂਦੀ ਤਾਂ ਕਿਸਾਨਾਂ ਦਾ ਗੁੱਸਾ ਝੱਲਣ ਲਈ ਤਿਆਰ ਰਹੇ। ਉਨ੍ਹਾਂ ਕਿਹਾ ਕਿ ਜਥੇਬੰਦੀ ਦੀ ਸੂਬਾ ਕਮੇਟੀ ਦੇ ਸੱਦੇ ’ਤੇ ਪੰਜਾਬ ਦੇ ਮੇਨ ਹਾਈਵੇਅ ਜਾਮ ਕੀਤੇ ਜਾਣਗੇ। ਇਸ ਮੌਕੇ ਬਿੰਦਰ ਖਾਲਸਾ, ਸੁਖਰਾਜ ਸਿੰਘ, ਮੋਹਕਮ ਸਿੰਘ,ਹਰਦੀਪ ਸਿੰਘ, ਰੁਪਿੰਦਰ ਠਾਣਾ, ਸਿਕੰਦਰ ਸਿੰਘ, ਵਰਿਆਮ ਸਿੰਘ, ਗੱਗੀ, ਰੂਪ ਖਿਆਲਾ, ਰੂਪ ਸ਼ਰਮਾਂ, ਸੇਵਕ, ਜੈਲਾ ਆਦਿ ਨੇ ਸਰਕਾਰ ਤੋਂ ਮੰਗ ਕੀਤੀ ਕਿ ਨੁਕਸਾਨੇ ਗਏ ਨਰਮੇ ਦੀ ਪਾਰਦਰਸ਼ੀ ਗਿਰਦਾਵਰੀ ਕਰਵਾਕੇ ਨਰਮਾ ਕਾਸ਼ਤਕਾਰਾਂ ਨੂੰ ਮੁਆਵਜ਼ਾ ਦਿੱਤਾ ਜਾਵੇ।
ਕਾਲਾਂਵਾਲੀ (ਭੁਪਿੰਦਰ ਪੰਨੀਵਾਲੀਆ): ਖੇਤਰ ਦੇ ਪਿੰਡ ਖਿਓਵਾਲੀ ਵਿੱਚ ਇੱਕ ਕਿਸਾਨ ਨੇ ਗੁਲਾਬੀ ਸੁੰਡੀ ਅਤੇ ਚਿੱਟੇ ਮੱਛਰ ਤੋਂ ਤੰਗ ਆ ਕੇ ਆਪਣੀ 7 ਏਕੜ ਨਰਮੇ ਦੀ ਫਸਲ ਵਾਹ ਦਿੱਤੀ। ਚੇਤੇ ਰਹੇ ਕਿ ਇਸ ਖੇਤਰ ਵਿੱਚ ਗੁਲਾਬੀ ਸੁੰਡੀ, ਚਿੱਟੇ ਮੱਛਰ ਅਤੇ ਤੇਲਾ ਦਾ ਜ਼ਿਆਦਾ ਪ੍ਰਕੋਪ ਹੋਣ ਕਰਕੇ ਜ਼ਿਆਦਾਤਰ ਕਿਸਾਨ ਆਪਣੀ ਨਰਮੇ ਦੀ ਫਸਲ ਨੂੰ ਵਾਹੁਣ ਲਈ ਮਜਬੂਰ ਹੋ ਗਏ ਹਨ। ਪਿੰਡ ਖਿਓਵਾਲੀ ਦੇ ਕਿਸਾਨ ਧਰਮਵੀਰ ਸਿੰਘ ਨੇ ਦੱਸਿਆ ਕਿ ਉਸ ਨੇ ਗ੍ਰਾਮ ਪੰਚਾਇਤ ਦੀ 7 ਏਕੜ ਜ਼ਮੀਨ ਠੇਕੇ ’ਤੇ ਲੈ ਕੇ ਇਸ ਵਿੱਚ ਨਰਮੇ ਦੀ ਬਿਜਾਈ ਕੀਤੀ ਅਤੇ ਫਸਲ ਵਿੱਚ ਫੁੱਲ ਆਉਣ ਲੱਗ ਪਏ ਸਨ। ਪਰ ਇਸ ਦੌਰਾਨ ਨਰਮੇ ਦੀ ਸੱਤ ਏਕੜ ਫਸਲ ਵਿੱਚ ਗੁਲਾਬੀ ਸੁੰਡੀ, ਹਰੇ ਤੇਲੇ ਅਤੇ ਚਿੱਟੇ ਮੱਛਰ ਦਾ ਪ੍ਰਕੋਪ ਵੱਧ ਗਿਆ, ਜਿਸ ਕਾਰਨ ਉਸ ਨੇ ਮਹਿੰਗੇ ਭਾਅ ਦੇ ਕੀਟਨਾਸ਼ਕ ਦਾ ਛਿੜਕਾਅ ਵੀ ਕੀਤਾ ਪਰ ਗੁਲਾਬੀ ਸੁੰਡੀ ਅਤੇ ਚਿੱਟੇ ਮੱਛਰ ’ਤੇ ਕਾਬੂ ਨਹੀਂ ਪਾਇਆ ਜਾ ਸਕਿਆ। ਧਰਮਵੀਰ ਸਿੰਘ ਨੇ ਦੱਸਿਆ ਕਿ ਉਸ ਦੀ ਸਾਰੀ ਫਸਲ ਖਰਾਬ ਹੋ ਗਈ ਹੈ ਅਤੇ ਉਹ ਇਸ ਫਸਲ ’ਤੇ ਹੋਰ ਖਰਚ ਨਹੀਂ ਕਰ ਸਕਦਾ। ਇਸ ਲਈ ਉਸ ਨੇ ਤੰਗ ਆ ਕੇ ਨਰਮੇ ਦੀ ਫਸਲ ਟਰੈਕਟਰ ਨਾਲ ਵਾਹ ਦਿੱਤੀ। ਕਿਸਾਨ ਨੇ ਦੱਸਿਆ ਕਿ ਪੰਚਾਇਤੀ ਜ਼ਮੀਨ ਦੀ ਕੋਈ ਰਜਿਸਟਰੀ ਅਤੇ ਬੀਮਾ ਨਹੀਂ ਹੈ ਜਿਸ ਕਾਰਨ ਉਸ ਨੂੰ ਕਾਫੀ ਨੁਕਸਾਨ ਝੱਲਣਾ ਪਵੇਗਾ ਅਤੇ ਹੁਣ ਇਸ ਵਿੱਚ ਹਰੇ ਚਾਰੇ ਤੋਂ ਇਲਾਵਾ ਹੋਰ ਕੋਈ ਫਸਲ ਨਹੀਂ ਬੀਜੀ ਜਾ ਸਕਦੀ। ਧਰਮਵੀਰ ਸਿੰਘ ਨ ਸਰਕਾਰ ਤੋਂ ਮੰਗ ਕੀਤੀ ਕਿ ਗਿਰਦਾਵਰੀ ਕਰਵਾ ਕੇ ਉਸ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ।
ਬਰੇਟਾ (ਪੱਤਰ ਪ੍ਰੇਰਕ): ਗੁਲਾਬੀ ਸੁੰਡੀ ਕਾਰਨ ਹੋਏ ਨੁਕਸਾਨ ਕਾਰਨ ਪਿੰਡ ਦਿਆਲਪੁਰਾ ਦੇ ਦੋ ਕਿਸਾਨਾਂ ਨੇ ਨਰਮੇ ਦੀ ਫਸਲ ਵਾਹ ਦਿੱਤੀ ਹੈ। ਜਾਣਕਾਰੀ ਦਿੰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਬਲਾਕ ਪ੍ਰਧਾਨ ਜੋਗਿੰਦਰ ਸਿੰਘ ਦਿਆਲਪੁਰਾ ਨੇ ਦੱੱਸਿਆ ਕਿ ਪਿੰਡ ਦਿਆਲਪੁਰਾ ਵਿੱਚ ਗੁਲਾਬੀ ਸੁੰਡੀ ਦੀ ਮਾਰ ਕਾਰਨ ਕਿਸਾਨ ਹਰਪਾਲ ਸਿੰਘ ਨੇ ਆਪਣਾ 9 ਕਨਾਲ ਨਰਮਾ ਤੇ ਹਰਮੇਲ ਸਿੰਘ ਨੇ 13 ਕਨਾਲ ਨਰਮਾ ਵਾਹ ਦਿੱਤਾ ਹੈ। ਕਿਸਾਨ ਆਗੂ ਨੇ ਕਿਹਾ ਕਿ ਸਰਕਾਰ ਵੱਲੋਂ ਗੁਲਾਬੀ ਸੁੰਡੀ ਦੇ ਖਾਤਮੇ ਲਈ ਠੋਸ ਕਦਮ ਨਹੀ ਚੁੱਕੇ ਜਾ ਰਹੇ। ਨਰਮੇ ਦੀ ਫਸਲ ਤੇ ਹੁਣ ਤੱਕ ਕਿਸਾਨਾਂ ਵੱਲੋਂ ਬੀਜ, ਖਾਦ, ਸਪਰੇਅ ਅਤੇ ਮਜ਼ਦੂਰੀ ਦਾ ਪੂਰਾ ਖਰਚਾ ਕੀਤਾ ਜਾ ਚੁੱਕਾ ਹੈ। ਉਨ੍ਹਾਂ ਮੁਆਵਜ਼ੇ ਦੀ ਮੰਗ ਕੀਤੀ ਹੈ।