ਪੱਤਰ ਪ੍ਰੇਰਕ
ਅਜੀਤਵਾਲ, 8 ਜੂਨ
ਪਿੰਡ ਧੂੜਕੋਟ ਟਾਹਲੀ ਵਾਲਾ ਵਿਚ ਸਵੇਰੇ 3 ਵਜੇ ਸਥਿਤੀ ਉਸ ਵੇਲੇ ਤਣਾਅਪੂਰਨ ਬਣ ਗਈ ਜਦੋਂ ਪਿੰਡ ਦੇ ਹੀ ਰਹਿਣ ਵਾਲੇ ਕੁਲਦੀਪ ਸਿੰਘ ਨਾਮੀ ਵਿਅਕਤੀ ਨੇ ਸ਼ਰਾਬ ਦੇ ਨਸ਼ੇ ’ਚ ਦਲਿਤ ਭਾਈਚਾਰੇ ਦੇ ਲੋਕਾਂ ਨਾਲ ਕਥਿਤ ਗਾਲੀ ਗਲੋਚ ਕੀਤਾ ਅਤੇ ਟਰੈਕਟਰ ਚੜ੍ਹਾ ਕੇ ਮਕਾਨ ਢਾਹ ਦਿੱਤੇ ਜਿਸ ਕਾਰਨ ਕਈ ਵਿਅਕਤੀ ਜ਼ਖਮੀ ਹੋ ਗਏ। ਜ਼ਖਮੀ ਵਿਅਕਤੀਆਂ ਨੂੰ ਤੁਰੰਤ ਮੋਗਾ ਦੇ ਸਿਵਲ ਹਸਪਤਾਲ ਭਰਤੀ ਕਰਾਇਆ ਗਿਆ।
ਇਸ ਮੌਕੇ ਜ਼ੇਰੇ ਇਲਾਜ ਜਰਨੈਲ ਸਿੰਘ ਅਤੇ ਅਕਾਸ਼ਦੀਪ ਸਿੰਘ ਨੇ ਕਿਹਾ ਕਿ ਉਕਤ ਵਿਅਕਤੀ ਕੁਲਦੀਪ ਸਿੰਘ ਕਈ ਦਿਨਾਂ ਤੋਂ ਜਾਣਬੁੱਝ ਕੇ ਟਰੈਕਟਰ ਉਪਰ ਉੱਚੀ ਆਵਾਜ਼ ’ਚ ਡੈੱਕ ਲਗਾ ਕੇ ਬਸਤੀ ਵਿੱਚੋਂ ਲੰਘਦਾ ਸੀ ਅਤੇ ਕੁਝ ਮੋਹਤਬਰ ਵਿਅਕਤੀਆਂ ਨੇ ਇਸ ਨੂੰ ਸਮਝਾਇਆ ਵੀ ਪਰ ਉਕਤ ਵਿਅਕਤੀ ਨੇ ਸਮਝਣ ਦੀ ਬਜਾਏ ਅੱਜ ਤੜਕਸਾਰ ਤਿੰਨ ਵਜੇ ਦੇ ਕਰੀਬ ਸ਼ਰਾਬ ਦੇ ਨਸ਼ੇ ਵਿਚ ਧੁੱਤ ਹੋ ਕੇ ਚਾਰ ਤੋਂ ਪੰਜ ਮਕਾਨਾਂ ਵਿਚ ਟਰੈਕਟਰ ਮਾਰ ਕੇ ਘਰ ਢਾਹ ਦਿੱਤੇ ਉੱਥੇ ਸਾਡੇ ਕਈ ਵਿਅਕਤੀਆਂ ਨੂੰ ਬੁਰੀ ਤਰ੍ਹਾਂ ਨਾਲ ਜ਼ਖਮੀ ਕਰ ਦਿੱਤਾ। ਜਰਨੈਲ ਸਿੰਘ ਦੇ ਮਕਾਨ ਦੀ ਛੱਤ ਡਿੱਗਣ ਨਾਲ ਉਸ ਦੀਆਂ ਚਾਰ ਬੱਕਰੀਆਂ ਦੀ ਮੌਤ ਹੋ ਗਈ। ਜ਼ਖਮੀ ਵਿਅਕਤੀਆਂ ਦੇ ਪਰਿਵਾਰਕ ਮੈਂਬਰਾਂ ਨੇ ਇਨਸਾਫ਼ ਲੈਣ ਲਈ ਜਿੱਥੇ ਨਾਅਰੇਬਾਜ਼ੀ ਕੀਤੀ ਉਥੇ ਪੁਲੀਸ ਤੋਂ ਮੰਗ ਕੀਤੀ ਕਿ ਅਜਿਹੇ ਵਿਅਕਤੀ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਉਧਰ, ਥਾਣਾ ਮਹਿਣਾ ਦੇ ਮੁੱਖ ਅਫਸਰ ਜਸਵਿੰਦਰ ਸਿੰਘ ਨੇ ਕਿਹਾ ਕਿ ਅੱਜ ਤੜਕਸਾਰ ਧੂੜਕੋਟ ਟਾਹਲੀ ਵਾਲਾ ਪਿੰਡ ਤੋਂ ਫੋਨ ਆਇਆ ਸੀ ਕਿ ਪਿੰਡ ਵਿਚ ਇਕ ਵਿਅਕਤੀ ਵੱਲੋਂ ਕਈ ਪਰਿਵਾਰਾਂ ਦੇ ਘਰ ਢਾਹ ਦਿੱਤੇ ਹਨ ਸਾਡੀ ਪੁਲੀਸ ਪਾਰਟੀ ਮੌਕੇ ਤੇ ਪੁੱਜੀ ਅਤੇ ਟਰੈਕਟਰ ਨੂੰ ਕਬਜ਼ੇ ਵਿੱਚ ਲੈ ਲਿਆ ਜਦੋਂ ਕਿ ਟਰੈਕਟਰ ਚਾਲਕ ਮੌਕੇ ਤੋਂ ਫ਼ਰਾਰ ਹੋ ਚੁੱਕਿਆ ਸੀ ਉਨ੍ਹਾਂ ਕਿਹਾ ਕਿ ਕਿਹਾ ਕਿ ਸਿਵਲ ਹਸਪਤਾਲ ਵਿੱਚ ਦਾਖਲ ਵਿਅਕਤੀਆਂ ਦੇ ਬਿਆਨ ਕਲਮਬੰਦ ਕਰ ਲਏ ਹਨ ਉਕਤ ਟਰੈਕਟਰ ਚਾਲਕ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।