ਪੱਤਰ ਪ੍ਰੇਰਕ
ਭੁੱਚੋ ਮੰਡੀ, 7 ਸਤੰਬਰ
ਬੈਸਟ ਪ੍ਰਾਈਸ ਮਾਲ ਭੁੱਚੋ ਖੁਰਦ ਵਿੱਚੋਂ ਨੌਕਰੀਓਂ ਕੱਢੇ ਮੁਲਾਜ਼ਮ ਅੱਜ ਪੰਜਵੇਂ ਦਿਨ ਵੀ ਜਲ ਘਰ ਦੀ ਟੈਂਕੀ ’ਤੇ ਡਟੇ ਰਹੇ। ਜ਼ਿਲ੍ਹਾ ਪੁਲੀਸ ਵੱਲੋਂ ਅੱਜ ਦੁਪਹਿਰੇ 12 ਵਜੇ ਮੁਲਾਜ਼ਮਾਂ ਦੀ ਕੰਪਨੀ ਦੇ ਅਧਿਕਾਰੀਆਂ ਨਾਲ ਕਰਵਾਈ ਤੀਜੇ ਗੇੜ ਦੀ ਮੀਟਿੰਗ ਵੀ ਬੇਸਿੱਟਾ ਰਹੀ, ਪਰ ਮੁਲਾਜ਼ਮਾਂ ਨੇ ਭਰੋਸੇ ਅਨੁਸਾਰ ਮੀਟਿੰਗਾਂ ਕਰਵਾਏ ਜਾਣ ਕਾਰਨ ਪ੍ਰਸ਼ਾਸਨ ਖ਼ਿਲਾਫ਼ ਸੰਘਰਸ਼ ਵਾਪਸ ਲੈਂਦਿਆਂ ਜਲ ਘਰ ਦੀ ਟੈਂਕੀ ਤੋਂ ਹੇਠਾਂ ਉੱਤਰ ਆਏ ਤੇ ਟੈਂਕੀ ਹੇਠ ਕੰਪਨੀ ਖ਼ਿਲਾਫ਼ ਪੱਕਾ ਮੋਰਚਾ ਜਾਰੀ ਰੱਖਿਆ।
ਇਸ ਮੌਕੇ ਬੈਸਟ ਪ੍ਰਾਈਜ਼ ਮੁਲਾਜ਼ਮ ਯੂਨੀਅਨ ਦੇ ਪ੍ਰਧਾਨ ਜਸਪ੍ਰੀਤ ਸਿੰਘ ਝੰਡੂਕੇ ਨੇ ਦੱਸਿਆ ਕਿ ਅੱਜ ਦੁਪਹਿਰ ਸਮੇਂ ਢਾਈ ਘੰਟੇ ਚੱਲੀ ਤੀਜੇ ਗੇੜ ਦੀ ਮੀਟਿੰਗ ਵੀ ਬੇਸਿੱਟਾ ਰਹੀ। ਮੀਟਿੰਗ ਵਿੱਚ ਐਸਐਸਪੀ ਜੇ. ਏਲਨਚੇਜ਼ੀਅਨ, ਡੀਐੱਸਪੀ ਗੁਰਪ੍ਰੀਤ ਸਿੰਘ, ਫਿਲਿਪਕਾਰਟ ਤੇ ਵਾਲਮਾਰਟ ਕੰਪਨੀ ਦੇ ਅਧਿਕਾਰੀ ਵਿਸ਼ਾਲ ਲੁਥਰਾ, ਅਤੁਲ, ਸੰਜੇ ਤੇ ਜਤਿੰਦਰ ਕੁਲਕਰਨੀ ਤੇ ਉਸ ਸਣੇ ਮੁਲਾਜ਼ਮ ਆਗੂ ਨਿਰਮਲ ਸ਼ਰਮਾ, ਹਰਮਨ ਸਿੰਘ, ਹਰਜਿੰਦਰ ਭੋਲਾ ਹਾਜ਼ਰ ਸਨ। ਮੀਟਿੰਗ ਦੌਰਾਨ ਕੰਪਨੀ ਦੇ ਅਧਿਕਾਰੀਆਂ ਨੇ ਹੋਰ ਮਾਲਾਂ ਵਿੱਚ ਸਿਫ਼ਟ ਹੋਣ ਵਾਲੇ ਮੁਲਾਜ਼ਮਾਂ ਨੂੰ ਰਹਿਣ ਤੇ ਖਾਣ ਪੀਣ ਦੇ ਖਰਚੇ ਵਜੋਂ ਤਨਖਾਹਾਂ ਵਿੱਚ ਵਾਧੇ ਤੋਂ ਇਨਕਾਰ ਕਰਨ ਤੇ ਮਾਲ ਵਿੱਚੋਂ ਫਾਰਗ ਕਰਨ ਮੌਕੇ ਮੁਲਾਜ਼ਮਾਂ ਨੂੰ ਇੱਕ ਸਾਲ ਦੀ ਸਰਵਿਸ ਬਦਲੇ 15 ਦਿਨ ਦੀ ਤਨਖਾਹ ਦੇ ਹਿਸਾਬ ਨਾਲ ਦਿੱਤੀ ਰਾਸ਼ੀ ਤੁਰੰਤ ਮੰਗੇ ਜਾਣ ਕਾਰਨ ਗੱਲਬਾਤ ਟੁੱਟ ਗਈ।