ਮਹਿੰਦਰ ਸਿਘ ਰੱਤੀਆਂ
ਮੋਗਾ, 13 ਜਨਵਰੀ
ਸੂਬੇ ’ਚ ਸਬਜ਼ੀਆਂ ਦੀ ਖੇਤੀ ਦਾ ਰੁਝਾਨ ਵਧ ਰਿਹਾ ਹੈ। ਬਹੁਤੇ ਕਿਸਾਨ ਖੁਦ ਹੀ ਖੇਤੀ ਤਬਦੀਲੀਆਂ ਲਿਆਉਣ ਦੀ ਹਿੰਮਤ ਵਿਖਾ ਰਹੇ ਹਨ। ਇਸ ਦੀ ਮਿਸਾਲ ਇਥੋਂ ਦੇ ਕਿਸਾਨ ਅਜੇ ਸੂਦ ਨੇ ਕਾਇਮ ਕੀਤੀ ਹੈ।
ਮੋਗਾ ਨਿਵਾਸੀ ਅਜੇ ਸੂਦ ਗੋਰਾ ਨੇ ਦਾਅਵਾ ਕੀਤਾ ਕਿ ਉਸ ਨੇ ਆਪਣੀ ਇਥੋਂ ਨੇੜਲੇ ਪਿੰਡ ਸਲੀਣਾ ਵਿਖੇ ਜ਼ਮੀਨ ਵਿੱਚ ਰਵਾਇਤੀ ਕਣਕ, ਝੋਨੇ ਦੀ ਫ਼ਸਲ ਦੀ ਥਾਂ ਸਲਾਦ, ਬਰੌਕਲੀ, ਲਾਲ ਤੇ ਚੀਨੀ ਗੋਭੀ ਤੇ ਹੋਰ ਹਰੀਆਂ ਸਬਜ਼ੀ ਬੀਜੀਆਂ ਹਨ। ਉਸਨੇ ਦੱਸਿਆ ਕਿ 2 ਏਕੜ ਰਕਬੇ ਵਿੱਚ ਬਰੌਕਲੀ ਤੋਂ ਉਹ 4 ਲੱਖ ਦੀ ਕਮਾਈ ਕਰਨ ਮਗਰੋਂ ਹੁਣ ਪਛੇਤੀ ਬਰੌਕਲੀ ਲਈ ਕਰਤਾਰਪੁਰ ਤੋਂ ਬੀਜ ਲੈ ਕੇ ਆਇਆ ਹੈ।
ਇਥੇ ਮੰਡੀਕਰਨ ਦੀ ਵੱਡੀ ਸਮੱਸਿਆ ਕਾਰਨ ਉਸ ਨੂੰ ਜਲੰਧਰ ਤੇ ਲੁਧਿਆਣਾ ਦੀਆਂ ਮੰਡੀਆਂ ਵਿੱਚ ਜਾਣਾ ਪੈਂਦਾ ਹੈ। ਬੇਸ਼ੱਕ ਮਿਹਨਤ ਥੋੜ੍ਹੀ ਜ਼ਿਆਦਾ ਹੈ ਪਰ ਆਰਥਿਕ ਪੱਖੋਂ ਕਿਸਾਨ ਮਜ਼ਬੂਤ ਰਹਿੰਦਾ ਹੈ।
ਰਾਜ ਪੁਰਸਕਾਰ ਜੇਤੂ ਖੇਤੀ ਮਾਹਰ ਡਾ.ਜਸਵਿੰਦਰ ਸਿੰਘ ਬਰਾੜ ਨੇ ਆਮ ਕਿਸਾਨਾਂ ਤੇ ਲੋਕਾਂ ਨੂੰ ਘਰੇਲੂ ਬਗੀਚੀਆਂ ਰਾਹੀਂ ਹਰੀਆਂ ਸਬਜ਼ੀਆਂ ਦੀ ਕਾਸ਼ਤ ਕਰਨ ਦਾ ਸੱਦਾ ਦਿੱਤਾ।