ਪੱਤਰ ਪ੍ਰੇਰਕ
ਧਨੌਲਾ, 6 ਅਕਤੂਬਰ
ਇਲਾਕੇ ਦੇ ਕਰੀਬ 30 ਪਿੰਡਾਂ ਦੀਆਂ ਵਿਦਿਆਰਥਣਾਂ ਨੂੰ ਜਲਦ ਵੱਡੀ ਰਾਹਤ ਮਿਲਣ ਦੀ ਆਸ ਹੈ। ਹਲਕਾ ਵਿਧਾਇਕ ਅਤੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਅੱਜ ਹਾਇਰ ਐਜੂਕੇਸ਼ਨ ਡਾਇਰੈਕਟਰ ਰਾਜੀਵ ਗੁਪਤਾ ਅਤੇ ਡਿਪਟੀ ਡਾਇਰੈਕਟਰ ਅਸ਼ਵਨੀ ਭੱਲਾ ਸਮੇਤ ਨਗਰ ਕੌਂਸਲ ਧਨੌਲਾ ਦੇ ਅਧਿਕਾਰਤ ਖੇਤਰ ਅਧੀਨ ਆਉਂਦੀ 6 ਕਿੱਲੇ ਜਗ੍ਹਾ ਦਾ ਸਰਵੇਖਣ ਕਰਨ ਪੁੱਜੇ। ਇਸ ਮੌਕ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਸਿੱਖਿਆ ਹਾਸਲ ਕਰਨ ਲਈ ਲੜਕੀਆਂ ਨੂੰ ਲੰਮਾ ਸਫਰ ਤੈਅ ਕਰਨਾ ਪੈਂਦਾ ਹੈ, ਜਿਸ ਕਾਰਨ ਕਈ ਤਰ੍ਹਾਂ ਦੀਆਂ ਦਿੱਕਤਾਂ ਪੇਸ਼ ਆਉਂਦੀਆਂ ਹਨ। ਉਨ੍ਹਾਂ ਕਿਹਾ ਕਿ ਹੁਣ ਧਨੌਲਾ ਵਾਸੀਆਂ ਨਾਲ ਕੀਤੇ ਗਏ ਵਾਅਦੇ ਅਨੁਸਾਰ ਜਲਦੀ ਹੀ ਇਸ ਜਗ੍ਹਾ ’ਤੇ ਬਹੁ-ਤਕਨੀਕੀ ਕਾਲਜ ਬਣਾਇਆ ਜਾ ਰਿਹਾ ਹੈ ਜਿੱਥੇ ਲੜਕੇ-ਲੜਕੀਆਂ ਚੰਗੀ ਸਿੱਖਿਆ ਹਾਸਲ ਕਰਕੇ ਨੌਕਰੀਆਂ ਹਾਸਲ ਕਰਨਗੇ।
ਜ਼ਿਕਰਯੋਗ ਹੈ ਕਿ ਕਾਂਗਰਸ ਸਰਕਾਰ ਮੌਕੇ ਵਿਰੋਧੀ ਧਿਰ ਵਿੱਚ ਹੁੰਦਿਆਂ ਮੀਤ ਹੇਅਰ ਨੇ ਧਨੌਲਾ ਵਿੱਚ ਖਾਲ੍ਹੀ ਪਈ ਨਗਰ ਕੌਂਸਲ ਦੀ ਜਗ੍ਹਾ ਉਪਰ ਕਾਲਜ ਬਣਾਉਣ ਦਾ ਮੁੱਦਾ ਵਿਧਾਨ ਸਭਾ ਵਿੱਚ ਚੁੱਕਿਆ ਸੀ, ਜਿਸ ਨੂੰ ਹੁਣ ਉਹ ਖੁਦ ਪੂਰਾ ਕਰਨ ਲੱਗੇ ਹਨ। ਇਸ ਮੌਕੇ ਡਿਪਟੀ ਕਮਿਸ਼ਨਰ ਬਰਨਾਲਾ ਹਰੀਸ਼ ਨਈਅਰ, ਐਸਐਸਪੀ ਬਰਨਾਲਾ ਸੰਦੀਪ ਕੁਮਾਰ ਮਲਿਕ, ਹਰਦੀਪ ਸਿੰਘ ਸੋਢੀ, ਵਪਾਰ ਮੰਡਲ ਧਨੌਲਾ ਦੇ ਪ੍ਰਧਾਨ ਰਮਨ ਵਰਮਾ, ਕੌਸਲਰ ਬਲਭੱਦਰ ਸਿੰਘ ਆਦਿ ਹਾਜ਼ਰ ਸਨ।