ਖੇਤਰੀ ਪ੍ਰਤੀਨਿਧ
ਬਰਨਾਲਾ, 15 ਮਈ
ਪੰਜਾਬ ਸਰਕਾਰ ਦੀਆਂ ਟਾਲੂ ਨੀਤੀਆਂ ਤੋਂ ਅੱਕੇ ਟੈੱਟ ਪਾਸ ਬੇਰੁਜ਼ਗਾਰ ਬੀ.ਐੱਡ ਅਧਿਆਪਕਾਂ ਨੇ ਮੁੜ ਦੋ ਜੂਨ ਨੂੰ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੀ ਸਥਾਨਕ ਕੋਠੀ ਦੇ ਘਿਰਾਓ ਦਾ ਐਲਾਨ ਕੀਤਾ ਹੈ। ਇੱਥੇ ਕਚਿਹਰੀ ਕੰਪਲੈਕਸ ਵਿੱਚ ਬੇਰੁਜ਼ਗਾਰ ਅਧਿਆਪਕਾਂ ਦੀ ਮੀਟਿੰਗ ਉਪਰੰਤ ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ ਨੇ ਕਿਹਾ ਕਿ ਬੇਰੁਜ਼ਗਾਰ ਯੂਨੀਅਨ ਦੀ ਮੰਗ ਹੈ ਕਿ ਜਾਰੀ 4161 ਅਸਾਮੀਆਂ ਵਿੱਚ ਸਮਾਜਿਕ ਸਿੱਖਿਆ, ਹਿੰਦੀ ਅਤੇ ਪੰਜਾਬੀ ਦੀਆਂ ਮਹਿਜ 1407 ਪੋਸਟਾਂ ਵਿੱਚ ਵਾਧਾ ਕਰਕੇ ਜਲਦੀ ਫ਼ੈਸਲਾ ਲਿਆ ਜਾਵੇ। ਕਿਹਾ ਕਿ ਵਿਧਾਨ ਸਭਾ ਚੋਣਾਂ ਵੇਲੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੇ ਬੇਰੁਜ਼ਗਾਰਾਂ ਨਾਲ ਵਾਅਦਾ ਕੀਤਾ ਸੀ ਕਿ ‘ਆਪ’ ਸਰਕਾਰ ਬਣਨ ਦੇ ਫੌਰੀ ਪਿੱਛੋਂ ਚਲਦੀ ਭਰਤੀ ਤੁਰੰਤ ਮੁਕੰਮਲ ਕੀਤੀ ਜਾਵੇਗੀ ਅਤੇ ਅਸਾਮੀਆਂ ਵਿੱਚ ਵੀ ਵਾਧਾ ਕੀਤਾ ਜਾਵੇਗਾ ਪਰ ਅਫ਼ਸੋਸ ਸਿੱਖਿਆ ਮੰਤਰੀ ਬੇਰੁਜ਼ਗਾਰ ਅਧਿਆਪਕਾਂ ਨਾਲ ਪੈਨਲ ਮੀਟਿੰਗ ਤੱਕ ਨਹੀਂ ਕਰ ਰਹੇ, ਸਗੋਂ ਰੁਜ਼ਗਾਰ ਦੀ ਮੰਗ ਲੈ ਕੇ ਕੋਠੀ ਆਉਂਦੇ ਬੇਰੁਜ਼ਗਾਰਾਂ ਉੱਤੇ ਪੁਲਸੀਆ ਜਬਰ ਢਾਹਿਆ ਜਾਂਦਾ ਹੈ। ਇਸ ਮੌਕੇ ਗਗਨਦੀਪ ਕੌਰ, ਮੁਨੀਸ਼ ਕੁਮਾਰ ਫਾਜ਼ਿਲਕਾ, ਸੰਦੀਪ ਸਿੰਘ ਗਿੱਲ, ਬਲਰਾਜ ਸਿੰਘ, ਅਮਨ ਸੇਖਾ, ਕੁਲਵੰਤ ਸਿੰਘ ਲੌਂਗੋਵਾਲ ਆਦਿ ਹਾਜ਼ਰ ਸਨ।