ਪੱਤਰ ਪ੍ਰੇਰਕ
ਮਾਨਸਾ, 3 ਨਵੰਬਰ
ਪੰਜਾਬ ਵਿੱਚ ਬਦਲੀ ਹੋਈ ਸਿਆਸੀ ਫਿਜ਼ਾ ਅਧਿਆਪਕਾਂ ਦੇ ਰਾਸ ਨਹੀਂ ਆਈ। ਸਿੱਖਿਆ ਵਿਭਾਗ ਪੰਜਾਬ ਵੱਲੋਂ ਕੀਤੀਆਂ ਗਈਆਂ ਅਧਿਆਪਕਾਂ ਦੀਆਂ ਆਨ-ਲਾਈਨ ਬਦਲੀਆਂ ‘ਸਰਕਾਰੀ ਬਦਲਾਅ’ ਦੇ ਬਾਵਜੂਦ ਰਾਸ ਨਹੀਂ ਆ ਰਹੀਆਂ। ਬਦਲੀਆਂ ਦੌਰਾਨ 48 ਸਾਲ ਤੋਂ ਉਪਰ ਦੇ ਅਧਿਆਪਕ ਅਤੇ ਵੱਡੀ ਉਮਰ ਦੀਆਂ ਔਰਤ ਅਧਿਆਪਕਾਂ ਸਰਕਾਰੀ ਵਾਅਦਿਆਂ ਦੇ ਮੁਤਾਬਕ ਘਰਾਂ ਦੇ ਨੇੜੇ ਨਹੀਂ ਪੁੱਜ ਸਕੀਆਂ। 20-20 ਸਾਲ ਦੀ ਨੌਕਰੀ ਵਾਲਿਆਂ ਨੂੰ ਵੀ ਬਦਲੀ ਨੀਤੀ ’ਚ ਛੋਟ ਨਹੀਂ ਦਿੱਤੀ ਗਈ ਹੈ, ਜਿਸ ਕਾਰਨ ਸੂਬੇ ਦੀਆਂ ਅਧਿਆਪਕ ਜਥੇਬੰਦੀਆਂ ਦੇ ਸਰਕਾਰ ਖਿਲਾਫ਼ ਤੇਵਰ ਤਿੱਖੇ ਹੋ ਗਏ ਹਨ। ਬਦਲੀਆਂ ਦਾ ਇਹ ਮਾਮਲਾ ਪੰਜਾਬ ਦੇ ਅਨੇਕਾਂ ਵਜ਼ੀਰਾਂ ਸਮੇਤ ਵਿਧਾਇਕਾਂ ਨੇ ਮੁੱਖ ਮੰਤਰੀ ਦੇ ਧਿਆਨ ਵਿੱਚ ਵੀ ਲਿਆਂਦਾ ਗਿਆ ਹੈ। ਕਈ ਵਿਧਾਇਕਾਂ ਦਾ ਇਨ੍ਹਾਂ ਬਦਲੀਆਂ ਨੂੰ ਲੈ ਕੇ ਵਿਰੋਧ ਖੜ੍ਹਾ ਹੋ ਗਿਆ ਹੈ। ਆਫ-ਲਾਈਨ ਹੋਈਆਂ ਕੁੱਝ ਬਦਲੀਆਂ ਨੇ ਸਰਕਾਰ ਦੀ ਸਥਿਤੀ ਨੂੰ ਹੋਰ ਵੀ ਖ਼ਰਾਬ ਕਰ ਦਿੱਤਾ ਹੈ, ਜਿਸ ਸਬੰਧੀ ਸ਼ਿਕਾਇਤਾਂ ਕੁਝ ਵਿਧਾਇਕਾਂ ਨੇ ਭਗਵੰਤ ਮਾਨ ਕੋਲ ਕੀਤੀਆਂ ਹਨ। ਅਧਿਆਪਕ ਜਥੇਬੰਦੀਆਂ ਗਿਲਾ ਜ਼ਾਹਿਰ ਕੀਤਾ ਹੈ ਕਿ ਪਿਛਲੀਆਂ ਸਰਕਾਰਾਂ ਦੇ ਰਾਜ ਭਾਗ ਦੌਰਾਨ ਵੀ ਇਸ ਤਰ੍ਹਾਂ ਬਦਲੀਆਂ ਹੁੰਦੀਆਂ ਰਹੀਆਂ ਹਨ, ਫਿਰ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਇਨਕਲਾਬੀ ਬਦਲਾਅ ਦਾ ਕੀ ਲਾਭ ਹੋਇਆ। ਵੱਖ-ਵੱਖ ਅਧਿਆਪਕ ਜਥੇਬੰਦੀਆਂ ਨੇ ਬੇਸ਼ੱਕ ਆਨਲਾਈਨ ਬਦਲੀਆਂ ਨੂੰ ਚੰਗਾ ਕਦਮ ਦੱਸਿਆ ਹੈ ਪਰ ਇਸ ਦੀਆਂ ਖਾਮੀਆਂ ’ਤੇ ਵੀ ਇਤਰਾਜ਼ ਜਤਾਏ ਹਨ। ਜਦੋਂ ਸਾਰੇ ਅਧਿਆਪਕਾਂ ਨੂੰ ਇਨਸਾਫ ਨਹੀਂ ਮਿਲਦਾ ਜਾਂ ਸਿੱਖਿਆ ਮੰਤਰੀ ਜਾਂ ਹੋਰ ਉਪਰੋਂ ਆਏ ਆਦੇਸ਼ਾਂ ’ਤੇ ਬਦਲੀਆਂ ਦੇ ਨਿਯਮਾਂ ਦੀਆਂ ਧੱਜੀਆਂ ਉਡਦੀਆਂ ਹਨ, ਫਿਰ ਅਧਿਆਪਕ ਵਰਗ ਦੀ ਨਵੀਂ ਸਰਕਾਰ ਤੋਂ ਭਰੋਸੇ ਦੀ ਆਸ ਟੁੱਟਦੀ ਹੈ।
ਲੈਕਚਰਾਰ ਯੂਨੀਅਨ ਦੇ ਸੀਨੀਅਰ ਆਗੂ ਸੁਖਦੇਵ ਸਿੰਘ ਰਾਣਾ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਨੇ ਸਰਕਾਰ ਬਣਨ ਤੋਂ ਪਹਿਲਾਂ ਦੂਰ ਦੁਰੇਡੇ ਦੇ ਸਟੇਸ਼ਨਾਂ ’ਤੇ ਤਾਇਨਾਤ ਅਧਿਆਪਕਾਂ ਨੂੰ ਘਰਾਂ ਦੇ ਨੇੜੇ ਬਦਲੀ ਕਰਨ ਦਾ ਵਾਅਦਾ ਕੀਤਾ ਸੀ, ਪਰ ਹੁਣ ਸਰਕਾਰ ਬਣਨ ’ਤੇ ਵੀ ਬਹੁਤੇ ਅਧਿਆਪਕਾਂ ਨੂੰ ਪਹਿਲਾਂ ਦੀ ਤਰ੍ਹਾਂ 100-200 ਕਿਲੋਮੀਟਰ ਤੱਕ ਰੋਜ਼ਾਨਾ ਸਫ਼ਰ ਕਰਨਾ ਪੈ ਰਿਹਾ ਹੈ। 2392 ਅਧਿਆਪਕ ਯੂਨੀਅਨ ਦੇ ਸੂਬਾ ਪ੍ਰਧਾਨ ਯੁੱਧਜੀਤ ਸਿੰਘ ਨੇ ਕਿਹਾ ਕਿ 2392 ਮਾਸਟਰ ਕੇਡਰ ਅਧੀਨ ਭਰਤੀ ਹੋਏ ਬਹੁਗਿਣਤੀ ਅਧਿਆਪਕਾਂ ਸਮੇਤ ਹੋਰ ਅਧਿਆਪਕ, ਜੋ ਕਿ ਘਰਾਂ ਤੋਂ 200 ਕਿਲੋਮੀਟਰ ਤਕ ਦੂਰ ਬੈਠੇ ਹਨ, ਉਨ੍ਹਾਂ ਨਾਲ ਵਾਅਦਾ ਕਰਕੇ ਵੀ ਅਜੇ ਤੱਕ ਬਦਲੀ ਦਾ ਮੌਕਾ ਨਹੀਂ ਦਿੱਤਾ ਗਿਆ, ਦੂਜੇ ਪਾਸੇ ਸਰਕਾਰ ਆਪਣੀ ਮਨਮਰਜ਼ੀ ਨਾਲ ਨਿਯਮਾਂ ਦੇ ਉਲਟ ਬਦਲੀਆਂ ਕਰਕੇ ਆਪਣੀ ਚਹੇਤਿਆਂ ਨੂੰ ਮਨਪਸੰਦ ਸਕੂਲਾਂ ਵਿੱਚ ਸੈੱਟ ਕਰਕੇ ਨਿਯਮਾਂ ਨੂੰ ਛਿੱਕੇ ਟੰਗ ਰਹੀ ਹੈ, ਜੋ ਕਿ ਸਰਾਸਰ ਧੱਕਾ ਹੈ।
ਅਧਿਆਪਕਾਂ ਦੀਆਂ ਤਕਲੀਫ਼ਾਂ ਦਾ ਹੱਲ ਕਰਨ ਦਾ ਉਪਰਾਲਾ ਕਰ ਰਹੀ ਹੈ ਸਰਕਾਰ: ਵਿਧਾਇਕ
ਮਾਨਸਾ ਜ਼ਿਲ੍ਹੇ ਦੇ ਸਰਦੂਲਗੜ੍ਹ ਹਲਕੇ ਤੋਂ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਕਿਹਾ ਕਿ ਅਧਿਆਪਕਾਂ ਦੀਆਂ ਬਦਲੀਆਂ ਦੇ ਮਸਲੇ ਲਈ ਪੁੱਜੀਆਂ ਸ਼ਿਕਾਇਤਾਂ ਨੂੰ ਕਈ ਵਿਧਾਇਕਾਂ ਨੇ ਮੁੱਖ ਮੰਤਰੀ ਕੋਲ ਉਠਾਇਆ ਹੈ ਤਾਂ ਜੋ ਉਨ੍ਹਾਂ ਦੇ ਹਲਕੇ ਦੇ ਲੋਕਾਂ ਨੂੰ ਇਨਸਾਫ਼ ਮਿਲ ਸਕੇ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ, ਸਿੱਖਿਆ ਦਾ ਪੱਧਰ ਉਚਾ ਚੁੱਕਣ ਲਈ ਪੜ੍ਹਾਈ ਦੇ ਚੰਗੇ ਪ੍ਰਬੰਧਾਂ ਦੇ ਨਾਲ-ਨਾਲ ਅਧਿਆਪਕਾਂ ਦੀਆਂ ਸਾਰੀਆਂ ਤਕਲੀਫ਼ਾਂ ਦਾ ਹੱਲ ਕੱਢਣ ਲਈ ਛੇਤੀ ਹੀ ਯੋਗ ਉਪਰਾਲਾ ਕਰ ਰਹੀ ਹੈ।