ਪੱਤਰ ਪ੍ਰੇਰਕ
ਬਾਘਾ ਪੁਰਾਣਾ, 28 ਦਸੰਬਰ
ਜ਼ੀਰੋ ਡਿਗਰੀ ਤਾਪਮਾਨ ਵਿੱਚ ਹੱਕੀ ਸੰਘਰਸ਼ਾਂ ਰਾਹੀਂ ਹੱਕ ਲੈਣ ਲਈ ਲੜਾਈ ਲੜ ਰਹੇ ਕਿਸਾਨਾਂ, ਮਜ਼ਦੂਰਾਂ ਅਤੇ ਹੋਰ ਅਨੇਕਾਂ ਵਰਗਾਂ ਦੇ ਲੋਕਾਂ ਦੇ ਸੰਘਰਸ਼ ਨੂੰ ਮਘਾਉਣ ਵਿੱਚ ਘਰਾਂ ਦੀਆਂ ਸੁਆਣੀਆਂ ਵੀ ਹਿੱਕ ਡਾਹ ਕੇ ਖੜੀਆਂ ਹਨ। ਚੁੱਲ੍ਹੇ ਚੌਕਿਆਂ ਅਤੇ ਪਸ਼ੂ ਢਾਂਡਿਆਂ ਦੀ ਸਾਂਭ-ਸੰਭਾਲ ਦੀ ਜ਼ਿੰਮੇਵਾਰੀ ਨਿਭਾਉਣ ਤੋਂ ਬਾਅਦ ਇਹ ਸੁਆਣੀਆਂ ਧਰਨਿਆਂ ਵਿੱਚ ਗੂੰਜ ਰਹੀਆਂ ਹਨ। ਧਰਨਿਆਂ ਵਿਚ ਆਗੂਆਂ ਦੀਆਂ ਤਕਰੀਰਾਂ ਅਤੇ ਅਕਾਸ਼ ਗੂੰਜਾਉਂਦੇ ਨਾਅਰਿਆਂ ’ਚ ਹੋਣ ਵਾਲੀਆਂ ਔਰਤਾਂ ਆਪਣੇ ਪਰਿਵਾਰਕ ਮੈਂਬਰਾਂ ਲਈ ਕੋਟੀਆਂ ਸਵੈਟਰ ਵੀ ਧਰਨਿਆਂ ’ਚ ਬੈਠੀਆਂ ਹੀ ਬੁਣਦੀਆਂ ਹਨ। ਓਧਰ, ਕਈ ਔਰਤਾਂ ਅਜਿਹੀਆਂ ਵੀ ਹਨ ਜੋ ਘਰਾਂ ਦੀਆਂ ਅਨੇਕਾਂ ਜ਼ਿੰਮੇਵਾਰੀਆਂ ਸੰਭਾਲਣ ਤੋਂ ਬਾਅਦ ਖੇਤਾਂ ’ਚ ਕਣਕ ਨੂੰ ਪਾਣੀ ਲਾਉਣ ਦਾ ਕਾਰਜ ਵੀ ਕਰ ਰਹੀਆਂ ਹਨ। ਮੋਦੀ ਸਰਕਾਰ ਵੱਲੋਂ ਬਣਾਏ ਗਏ ਕਾਨੂੰਨਾਂ ਨੂੰ ਕਿਸਾਨ ਵਿਰੋਧੀ ਕਾਨੂੰਨ ਦੱਸਦੀਆਂ ਇਨ੍ਹਾਂ ਸੁਆਣੀਆਂ ਦਾ ਕਹਿਣਾ ਹੈ ਕਿ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਅੰਦਰ ਡਟੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਜੇਕਰ ਉਥੇ ਬੈਠੇ ਸਰਕਾਰ ਦੀਆਂ ਮਾੜੀਆਂ ਨੀਤੀਆਂ ਨੂੰ ਨਾਕਾਮ ਬਣਾਉਣ ਲਈ ਡਟੇ ਹੋਏ ਹਨ ਤਾਂ ਉਨ੍ਹਾਂ ਦੀ ਵੀ ਫਰਜ਼ ਬਣਦਾ ਹੈ ਕਿ ਠੰਢ ਵਿੱਚ ਬੈਠੇ ਆਪਣੇ ਪਤੀ, ਪੁੱਤਰਾਂ ਲਈ ਸਵੈਟਰ ਬੁਣ ਕੇ ਭੇਜੇ ਜਾਣ।
ਇਕ ਸਕੂਲੀ ਅਧਿਆਪਕਾਂ ਸਾਹਿਲਪ੍ਰੀਤ ਕੌਰ ਬਰਾੜ ਜੋ ਆਪਣੇ ਖੇਤ ਨੂੰ ਪਾਣੀ ਲਾ ਰਹੀ ਸੀ, ਨੇ ਕਿਹਾ ਕਿ ਉਸ ਦਾ ਪਤੀ ਅਤੇ ਹੋਰ ਪਰਿਵਾਰਕ ਮੈਂਬਰ ਦਿੱਲੀ ਧਰਨੇ ਵਿੱਚ ਗਏ ਹਨ ਅਤੇ ਉਹ ਸਕੂਲ ਵਿਚਲੀ ਡਿਊਟੀ ਉਪਰੰਤ ਕਣਕ ਨੂੰ ਪਾਣੀ ਲਾਉਣ ਦਾ ਕਾਰਜ ਕਰ ਕੇ ਇਕ ਤਰ੍ਹਾਂ ਨਾਲ ਕਿਸਾਨੀ ਧਰਨੇ ’ਚ ਆਪਣੀ ਸ਼ਮੂਲੀਅਤ ਦਰਜ ਕਰਵਾ ਰਹੀ ਹੈ। ਇਸ ਨਾਲ ਉਸ ਨੂੰ ਮਾਨਸਿਕ ਸਕੂਨ ਮਿਲ ਰਿਹਾ ਹੈ। ਔਰਤਾਂ ਦੀ ਅਜਿਹੀ ਦ੍ਰਿੜ੍ਹਤਾ, ਸਿਰੜ, ਹੱਠ ਅਤੇ ਮਿਹਨਤ ਸੰਘਰਸ਼ ਨੂੰ ਸਿੱਖਰਾਂ ਤੱਕ ਪੁੱਜਦਾ ਕਰਨ ਲਈ ਸਹਾਈ ਸਿੱਧ ਹੋ ਰਹੇ ਹਨ।