ਹਰਮੇਸ਼ਪਾਲ ਨੀਲੇਵਾਲਾ
ਜ਼ੀਰਾ, 14 ਅਗਸਤ
ਜ਼ੀਰਾ ਦੇ ਪਿੰਡ ਮਨਸੂਰਵਾਲ ਕਲਾਂ ਵਿੱਚ ਸਥਿਤ ਸ਼ਰਾਬ ਦੀ ਫੈਕਟਰੀ ਨੂੰ ਬੰਦ ਕਰਵਾਉਣ ਲਈ ਪਿਛਲੇ 22 ਦਿਨਾਂ ਤੋਂ ਫੈਕਟਰੀ ਦੇ ਗੇਟ ਅੱਗੇ ਕਿਸਾਨ ਜਥੇਬੰਦੀਆਂ ਅਤੇ ਪਿੰਡਾਂ ਦੇ ਲੋਕਾਂ ਵੱਲੋਂ ਧਰਨਾ ਲਗਾਇਆ ਹੋਇਆ ਹੈ। ਅੱਜ ਸੰਘਰਸ਼ ਨੂੰ ਹੋਰ ਤਿੱਖਾ ਕਰਦਿਆਂ ਵੱਖ-ਵੱਖ ਕਿਸਾਨ ਜਥੇਬੰਦੀਆਂ ਅਤੇ ਸਮਾਜ ਸੇਵੀ ਸੰਸਥਾਵਾਂ ਵੱਲੋਂ ਮੁੱਖ ਚੌਕ ਜ਼ੀਰਾ ਤੋਂ ਰੋਸ ਮਾਰਚ ਕੀਤਾ ਗਿਆ। ਇਹ ਰੋਸ ਮਾਰਚ ਰੇਲਵੇ ਰੋਡ ਜ਼ੀਰਾ, ਸ਼ੇਰਾਂਵਾਲਾ ਚੌਕ, ਡੀਐੱਸਪੀ ਦਫ਼ਤਰ ਨੇੜਿਓਂ ਹੁੰਦਾ ਹੋਇਆ ਘੰਟਾ ਘਰ ਮੁੱਖ ਚੌਕ ਜ਼ੀਰਾ ਵਿੱਚ ਸਮਾਪਤ ਹੋ ਗਿਆ। ਇਸ ਮੌਕੇ ਲੋਕਾਂ ਵੱਲੋਂ ‘ਸਾਡੀ ਇੱਕੋ ਮੰਗ, ਸ਼ਰਾਬ ਫੈਕਟਰੀ ਬੰਦ’ ਦੇ ਉੱਚੀ ਉੱਚੀ ਨਾਅਰੇ ਲਗਾਏ ਗਏ। ਇਸ ਮੌਕੇ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਫੈਕਟਰੀ ਵੱਲੋਂ ਲੰਮੇ ਸਮੇਂ ਤੋਂ ਇਲਾਕੇ ਦੇ ਪੌਣ ਪਾਣੀ ਨੂੰ ਦੂਸ਼ਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸ਼ਰਾਬ ਦੀ ਇਸ ਫੈਕਟਰੀ ਵੱਲੋਂ ਗੰਦਾ ਪਾਣੀ ਧਰਤੀ ਵਿੱਚ ਪਾਇਆ ਜਾ ਰਿਹਾ ਹੈ, ਜਿਸ ਨਾਲ ਹੁਣ ਕਈ ਪਿੰਡਾਂ ਵਿੱਚ ਧਰਤੀ ਹੇਠੋਂ ਦੂਸ਼ਿਤ ਪਾਣੀ ਆਉਣਾ ਸ਼ੁਰੂ ਹੋ ਗਿਆ ਹੈ। ਇਨ੍ਹਾਂ ਆਗੂਆਂ ਨੇ ਕਿਹਾ ਕਿ ਫੈਕਟਰੀ ਇਲਾਕੇ ਨੂੰ ਕੈਂਸਰ ਅਤੇ ਕਾਲਾ ਪੀਲੀਆ ਵਰਗੀਆਂ ਬਿਮਾਰੀਆਂ ਵੰਡ ਰਹੀ ਹੈ।
ਉਨ੍ਹਾਂ ਕਿਹਾ ਕਿ ਧਰਨਾ 22ਵੇਂ ਦਿਨ ਵਿੱਚ ਪਹੁੰਚ ਗਿਆ ਹੈ ਪਰ ਫਿਰ ਵੀ ਪ੍ਰਸ਼ਾਸਨ ਸਾਡੀ ਸਾਰ ਨਹੀਂ ਲੈ ਰਿਹਾ। ਇਨ੍ਹਾਂ ਅਗੂਆਂ ਨੇ ਕਿਹਾ ਕਿ ਜਿੰਨਾ ਚਿਰ ਸ਼ਰਾਬ ਫੈਕਟਰੀ ਬੰਦ ਨਹੀਂ ਹੁੰਦੀ ਸੰਘਰਸ਼ ਇਸੇ ਤਰ੍ਹਾਂ ਜਾਰੀ ਰਹੇਗਾ।