ਨਿੱਜੀ ਪੱਤਰ ਪ੍ਰੇਰਕ
ਕੋਟਕਪੂਰਾ, 28 ਅਗਸਤ
ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੇ ਜੱਦੀ ਪਿੰਡ ਸੰਧਵਾਂ ਵਿੱਚ ਠੇਕਾ ਆਧਾਰਤ ਬਿਜਲੀ ਮੀਟਰ ਰੀਡਰਾਂ ਦਾ ਪਿਛਲੇ 135 ਦਿਨਾਂ ਤੋਂ ਚੱਲ ਰਿਹਾ ਪੱਕਾ ਧਰਨਾ ਅੱਜ ਮੰਗਾਂ ਮੰਨੇ ਜਾਣ ਮਗਰੋਂ ਸਮਾਪਤ ਹੋ ਗਿਆ। ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਸੂਬਾਈ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਦੀ ਅਗਵਾਈ ਹੇਠ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੇ ਦੇਸ਼ ਤੋਂ ਬਾਹਰ ਹੋਣ ਕਰਕੇ ਉਨ੍ਹਾਂ ਦੇ ਭਰਾ ਐਡਵੋਕੇਟ ਬੀਰਇੰਦਰ ਸਿੰਘ ਸੰਧਵਾਂ ਦੀ ਮੌਜੂਦਗੀ ਵਿੱਚ ਕਰਮਚਾਰੀ ਅਤੇ ਪੀਐੱਸਪੀਸੀਐੱਲ ਵਿੱਚਕਾਰ ਇੱਕ ਸਮਝੌਤਾ ਹੋਇਆ।
ਠੇਕਾ ਆਧਾਰਤ ਮੀਟਰ ਰੀਡਰ ਯੂਨੀਅਨ (ਆਜ਼ਾਦ) ਦੇ ਸੂਬਾਈ ਸਕੱਤਰ ਗੁਰਵਿੰਦਰ ਸਿੰਘ ਨੇ ਇਸ ਸਮਝੌਤੇ ’ਤੇ ਸੰਤੁਸ਼ਟੀ ਜ਼ਾਹਿਰ ਕਰਦਿਆਂ ਦੱਸਿਆ ਕਿ ਕੰਪਨੀ ਦੇ ਅਧਿਕਾਰੀਆਂ ਨੇ ਉਨ੍ਹਾਂ ਨੂੰ 16 ਅਕਤੂਬਰ ਤੱਕ ਸਾਰੇ ਕਰਮਚਾਰੀਆਂ ਦਾ ਬਕਾਇਆ ਦੇਣ ਦਾ ਭਰੋਸਾ ਦਿੱਤਾ ਹੈ। ਜਾਣਕਾਰੀ ਅਨੁਸਾਰ ਸੂਬੇ ਵਿੱਚ ਯੂਨੀਅਨ ਦੇ 1695 ਕਰਮਚਾਰੀਆਂ ਦੇ ਕੰਪਨੀ ਵੱਲ ਬਕਾਏ ਖੜ੍ਹੇ ਹਨ।
ਇਸ ਮੌਕੇ ਨਿੱਜੀ ਕੰਪਨੀ ਵੱਲੋਂ ਪੀਐੱਸਪੀਸੀਐੱਲ ਵਿੱਚ ਬਿਜਲੀ ਬਿੱਲਾਂ ਦੀ ਰੀਡਿੰਗ ਲਈ ਕਰਮਚਾਰੀਆਂ ਨੂੰ ਆਫਰ ਲੈਟਰ ਵੀ ਵੰਡੇ ਗਏ। ਸੂਬਾਈ ਪ੍ਰਧਾਨ ਮੇਜਰ ਸਿੰਘ ਨੇ ਦੱਸਿਆ ਕਿ ਪੀਐੱਸਪੀਸੀਐੱਲ ਅਧਿਕਾਰੀਆਂ ਨੇ ਭਰੋਸਾ ਦਿੱਤਾ ਹੈ ਕਿ ਜੇਕਰ 16 ਅਕਤੂਬਰ ਤੱਕ ਕਰਮਚਾਰੀਆਂ ਦੇ ਬਕਾਏ ਨਹੀਂ ਦਿੱਤੇ ਜਾਂਦੇ ਤਾਂ ਵਿਭਾਗ ਕੰਪਨੀ ਨੂੰ ਬਲੈਕ-ਲਿਸਟ ਕਰ ਦੇਵੇਗਾ।
ਦੱਸਣਯੋਗ ਕਿ 31 ਮਾਰਚ ਤੋਂ ਪਹਿਲਾਂ ਪੀਐੱਸਪੀਸੀਐੱਲ ਵਿੱਚ ਮੀਟਰਾਂ ਦੀ ਰੀਡਿੰਗ ਦਾ ਕੰਮ ਕਰਨ ਵਾਲੀ ਕੰਪਨੀ ਦਾ ਸਮਝੌਤਾ ਖਤਮ ਹੋਣ ਕਾਰਨ ਕੰਪਨੀ ਕਰਮਚਾਰੀਆਂ ਦੇ ਬਕਾਏ ਦਿੱਤੇ ਬਿਨਾਂ ਕੰਮ ਛੱਡ ਗਈ ਸੀ। ਕਰਮਚਾਰੀਆਂ ਨੇ ਬਕਾਏ ਲੈਣ ਲਈ ਸਪੀਕਰ ਦੀ ਕੋਠੀ ਅੱਗੇ ਧਰਨਾ ਲਾਇਆ ਸੀ, ਜਿਸ ਨੂੰ ਪ੍ਰਸ਼ਾਸਨ ਨੇ ਚੁਕਵਾ ਦਿੱਤਾ ਅਤੇ ਮਗਰੋਂ ਇਹ ਧਰਨਾ ਕੋਟਕਪੂਰਾ-ਫ਼ਰੀਦਕੋਟ ਮੁੱਖ ਮਾਰਗ ’ਤੇ ਤਬਦੀਲ ਕਰ ਦਿੱਤਾ ਗਿਆ ਸੀ।