ਖੇਤਰੀ ਪ੍ਰਤੀਨਿਧ
ਬਰਨਾਲਾ, 19 ਅਕਤੂਬਰ
ਮੋਦੀ ਸਰਕਾਰ ਦੇ ਪਾਸ ਕੀਤੇ ਖੇਤੀ ਕਾਨੂੰਨਾਂ ਤੋਂ ਖਫ਼ਾ ਕਿਸਾਨ ਆਪਣੇ ਝੋਨੇ ਦੀ ਵਾਢੀ ਦੇ ਅਤਿ ਰੁਝੇਵੇ ਦੇ ਬਾਵਜੂਦ ਕਾਨੂੰਨਾਂ ਖਿਲਾਫ਼ ਵਿੱਢਿਆ ਸੰਘਰਸ਼ ਮੱਠਾ ਕਰਨ ਦੀ ਰੌਂਅ ਵਿੱਚ ਨਜ਼ਰ ਨਹੀਂ ਆ ਰਹੇ। ਸੂਬੇ ਦੀਆਂ 29 ਕਿਸਾਨ ਜਥੇਬੰਦੀਆਂ ਵੱਲੋਂ ਸਾਂਝੇ ਸੱਦੇ ਤਹਿਤ ਬਰਨਾਲਾ ਰੇਲਵੇ ਸਟੇਸ਼ਨ ’ਤੇ 19 ਦਿਨਾਂ ਤੋਂ ਲਗਾਤਾਰ ਮੋਰਚਾ ਲਗਾ ਕੇ ਬੈਠੇ ਕਿਸਾਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਵੱਡੀ ਗਿਣਤੀ ਔਰਤਾਂ ਤੇ ਨੌਜਵਾਨ ਵੀ ਧਰਨੇ ’ਚ ਸ਼ਿਰਕਤ ਕਰ ਰਹੇ ਹਨ। ਇਸ ਪਟੜੀ ’ਤੇ ਲੱਗੇ ਮੋਰਚੇ ਦੀ ਅਗਵਾਈ ਕਰ ਰਹੇ ਬੁਲਾਰਿਆਂ ਨੇ ਕਿਹਾ ਕਿ ਮੋਦੀ ਹਕੂਮਤ ਕਿਸਾਨ ਕਿਰਤੀਆਂ ਦਾ ਸਬਰ ਨਾ ਪਰਖੇ, ਕਿਉਂਕਿ ਉਕਤ ਕਿਸਾਨ ਤੇ ਖੇਤੀ ਵਿਰੋਧੀ ਕਾਨੂੰਨ ਰੱਦ ਕਰਵਾਏ ਬਿਨਾਂ ਘਰਾਂ ਨੂੰ ਨਹੀਂ ਪਰਤਾਂਗੇ।
ਸਿਰਸਾ (ਨਿੱਜੀ ਪੱਤਰ ਪ੍ਰੇਰਕ): ਨਵੇਂ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨ ਜਥੇਬੰਦੀਆਂ ਵੱਲੋਂ ਸ਼ੁਰੂ ਕੀਤਾ ਗਿਆ ਅੰਦੋਲਨ ਦਿਨੋਂ ਦਿਨ ਭਖਦਾ ਜਾ ਰਿਹਾ ਹੈ। ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਤੇ ਹਰਿਆਣਾ ਦੇ ਉਪ ਮੁੱਖ ਮੰਤਰੀ ਦੁਸ਼ਿਅੰਤ ਚੌਟਾਲਾ ਤੇ ਬਿਜਲੀ ਮੰਤਰੀ ਚੌਧਰੀ ਰਣਜੀਤ ਸਿੰਘ ਦੇ ਅਸਤੀਫ਼ਿਆਂ ਦੀ ਮੰਗ ਨੂੰ ਲੈ ਕੇ ਕਿਸਾਨਾਂ ਦੇ ਅੱਜ ਬਾਰਵੇਂ ਦਿਨ ਵੀ ਸ਼ਹੀਦ ਭਗਤ ਸਿੰਘ ਸਟੇਡੀਅਮ ਵਿੱਚ ਪੱਕਾ ਮੋਰਚਾ ਜਾਰੀ ਰਿਹਾ।
ਬਾਘਾ ਪੁਰਾਣਾ (ਪੱਤਰ ਪ੍ਰੇਰਕ): ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਬਲਾਕ ਬਾਘਾ ਪੁਰਾਣਾ ਵਲੋਂ ਇੱਥੋਂ ਨੇੜਲੇ ਪਿੰਡ ਚੰਦ ਪੁਰਾਣਾ ਵਿਚ ਹਾਈਵੇ ਸਥਿਤ ਟੌਲ ਪਲਾਜ਼ੇ ’ਤੇ ਅੱਜ 19ਵੇਂ ਦਿਨ ਵੀ ਧਰਨਾ ਜ਼ਾਰੀ ਰੱਖਿਆ, ਜਿਸ ਵਿਚ ਵੱਡੀ ਗਿਣਤੀ ਵਿਚ ਕਿਸਾਨ, ਔਰਤ, ਮਰਦ, ਨੌਜਵਾਨਾਂ ਨੇ ਸ਼ਮੂਲੀਅਤ ਕੀਤੀ। ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਬਾਘਾ ਪੁਰਾਣਾ ਵੱਲੋਂ ਲਗਾਤਾਰ ਫਰੀ ਮੈਡੀਕਲ ਕੈਂਪ ਲਗਾਇਆ ਜਾ ਰਿਹਾ ਹੈ। ਇਸ ਮੌਕੇ ਸ਼ਹੀਦ ਭਗਤ ਸਿੰਘ ਕਲਾ ਮੰਚ ਚੜਿੱਕ ਮੋਗਾ ਵੱਲੋਂ ਤੀਰਥ ਸਿੰਘ ਚੜਿੱਕ ਦੀ ਟੀਮ ਵੱਲੋਂ ਇਨਕਲਾਬੀ ਕਿਰਤੀ ਨਾਟਕ ਪੇਸ਼ ਕੀਤਾ ਗਿਆ।
ਬੁਢਲਾਡਾ (ਨਿੱਜੀ ਪੱਤਰ ਪ੍ਰਰੇਕ): ਖੇਤੀਬਾੜੀ ਕਾਨੂੰਨਾਂ ਵਿਰੁੱਧ ਜਾਰੀ ਕਿਸਾਨੀ ਸੰਘਰਸ਼ ਦੇ ਚਲਦਿਆ ਭਾਜਪਾ ਮੰਡਲ ਪ੍ਰਧਾਨ ਸੁਖਦਰਸ਼ਨ ਸ਼ਰਮਾ ਦੇ ਘਰ ਅੱਗੇ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ 14 ਅਕਤੂਬਰ ਤੋਂ ਜਾਰੀ ਘਿਰਾਓ ਦੇ ਅੱਜ 6ਵੇਂ ਦਿਨ ਧਰਨੇ ਦੌਰਾਨ ਦਰਜਨਾਂ ਕਿਸਾਨ ਮਰਦ-ਔਰਤਾਂ ਨੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਜਥੇਵੰਦੀ ਦੇ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਕਿਸਾਨਾਂ ਨਾਲ ਧੱਕੇਸ਼ਾਹੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਵੱਲੋਂ ਹਰ ਫਰੰਟ ’ਤੇ ਇਸ ਬਿੱਲ ਨੂੰ ਕਿਸਾਨਾਂ ਦੇ ਫਾਇਦੇ ਲਈ ਲਿਆਂਦਾ ਬਿੱਲ ਦੱਸ ਕੇ ਧੋਖੇ ਵਿੱਚ ਰੱਖਣ ਦਾ ਜਤਨ ਕੀਤਾ ਜਾ ਰਿਹਾ ਹੈ।
ਬੁਢਲਾਡਾ (ਪੱਤਰ ਪ੍ਰੇਰਕ): ਇੱਥੇ ਵੱਖ ਵੱਖ ਕਿਸਾਨ ਜਥੇਬੰਦੀਆਂ ਦਾ ਅੱਜ 19ਵੇਂ ਦਿਨ ਵੀ ਰਿਲਾਇੰਸ ਪੈਟਰੋਲ ਪੰਪ ’ਤੇ ਧਰਨਾ ਜਾਰੀ ਰਿਹਾ। ਜਿੱਥੇ ਕਿਸਨਾਂ ਨੇ ਕੇਂਦਰ ਸਰਕਾਰ ਖ਼ਿਲਾਫ਼ ਰੋਹ ਭਰਭੂਰ ਨਾਅਰੇਬਾਜ਼ੀ ਕਰਦਿਆਂ ਪ੍ਰਣ ਲਿਆ ਕਿ ਉਹ ਹੱਕੀ ਕਿਸਾਨੀ ਮੰਗਾਂ ਦੀ ਪ੍ਰਾਪਤੀ ਤੱਕ ਸੰਘਰਸ਼ ਜਾਰੀ ਰੱਖਣਗੇ। ਇੱਥੇ ਕਿਸਾਨਾਂ ਦੇ ਧਰਨੇ ਨੂੰ ਸੰਬੋਧਨ ਕਰਨ ਵਾਲਿਆਂ ਵਿੱਚ ਕੁੱਲ ਹਿੰਦ ਕਿਸਾਨ ਸਭਾ ਦੇ ਸੂਬਾਈ ਆਗੂ ਕਾਮਰੇਡ ਹਰਦੇਵ ਸਿੰਘ ਅਰਸ਼ੀ, ਬੀ.ਕੇ.ਯੂ ਏਕਤਾ ਡਕੌਂਦਾ ਦੇ ਜਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਦਿਆਲਪੁਰਾ, ਆਲ ਇੰਡੀਆ ਕਿਸਾਨ ਸਭਾ ਦੇ ਸੀਨੀਅਰ ਆਗੂ ਐਡਵੋਕੇਟ ਸਵਰਨ ਸਿੰਘ ਦਲਿਓ, ਬੀ.ਕੇ.ਯੂ ਦੇ ਬਲਾਕ ਪ੍ਰਧਾਨ ਸਤਪਾਲ ਸਿੰਘ ਬਰ੍ਹੇ ਸ਼ਾਮਲ ਸਨ।
ਬਰੇਟਾ (ਪੱਤਰ ਪ੍ਰੇਰਕ): ਖੇਤੀ ਕਾਨੂੰਨਾ ਦੇ ਵਿਰੋਧ ਵਿੱਚ ਸਥਾਨਕ ਰੇਲਵੇ ਲਾਈਨਾਂ ਤੇ ਧਰਨਾ ਲਗਾਤਾਰ ਜਾਰੀ ਹੈ ਇਸ ਧਰਨੇ ਵਿੱਚ ਬੁਲਾਰਿਆਂ ਵੱਲੋਂ ਖੇਤੀ ਵਿਰੋਧੀ ਕਾਨੂੰਨ ਰੱਧ ਕਰਨ ਦੀ ਮੰਗ ਕੀਤੀ।ਇਸ ਮੌਕੇ ਸੰਬੋਧਨ ਕਰਨ ਵਾਲਿਆਂ ਵਿੱਚ ਸੀਤਾ ਰਾਮ ਗੋਬਿੰਦਪੁਰਾ, ਰਾਜ ਕੌਰ, ਗੁਰਦੀਪ ਕੌਰ, ਬੱਬੂ ਸਿੰਘ, ਮਹਿੰਦਰ ਸਿੰਘ ਦਿਆਲਪੁਰਾ, ਪੂਰਨ ਸਿੰਘ ਕੁਲਰੀਆਂ ਏਕਮ ਸਿੰਘ ਸ਼ਾਮਲ ਸਨ।
ਭਾਜਪਾ ਜ਼ਿਲ੍ਹਾ ਪ੍ਰਧਾਨ ਦੀ ਕੋਠੀ ਅੱਗੇ ਧਰਨਾ ਜਾਰੀ
ਬਰਨਾਲਾ (ਖੇਤਰੀ ਪ੍ਰਤੀਨਿਧ): ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੱਦੇ ‘ਤੇ ਕੇਂਦਰੀ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਮੰਗ ਨੂੰ ਲੈ ਕੇ ਭਾਜਪਾ ਜ਼ਿਲ੍ਹਾ ਪ੍ਰਧਾਨ ਯਾਦਵਿੰਦਰ ਸ਼ੰਟੀ ਦੀ ਸਥਾਨਕ ਲੱਖੀ ਕਲੋਨੀ ਵਿਚਲੀ ਰਿਹਾਇਸ ਦਾ ਘਿਰਾਓ ਧਰਨਾ ਲਗਾਤਾਰ ਜਾਰੀ ਹੈ। ਇਸ ਤੋਂ ਇਲਾਵਾ ਨੇੜਲੇ ਸੰਘੇੜਾ ਤੇ ਧਨੌਲਾ ਦੇ ਰਿਲਾਈਸ ਪੰਪ, ਐਸਾਰ ਪੰਪ ਧੌਲਾ, ਭੋਤਨਾ ਤੇ ਕਾਤਰੋਂ ਅੱਗੇ ਪੱਕੇ ਧਰਨੇ ਦੇ ਕੇ ਸਰਕਾਰ ਦੇ ਨਾਲ-ਨਾਲ ਕਾਰਪੋਰੇਟਸ ਵਿਰੁੱਧ ਵੀ ਕਿਸਾਨਾਂ ਵੱਲੋਂ ਆਵਾਜ਼ ਬੁਲੰਦ ਕੀਤੀ ਜਾ ਰਹੀ ਹੈ।
ਈਜ਼ੀ ਡੇਅ ਮਗਰੋਂ ਹੁਣ ‘ਮੋਰ’ ਨੂੰ ਜੜਿਆ ਤਾਲਾ
ਮਾਨਸਾ (ਪੱਤਰ ਪ੍ਰੇਰਕ): ਕਿਸਾਨ, ਮਜ਼ਦੂਰ, ਮੁਲਾਜ਼ਮ, ਦੁਕਾਨਦਾਰ ਸੰਘਰਸ਼ ਕਮੇਟੀ ਮਾਨਸਾ ਵੱਲੋਂ ਕਾਰਪੋਰੇਟ ਨੀਤੀਆਂ ਖ਼ਿਲਾਫ਼ ਚੱਲ ਰਹੇ ਰੋਸ ਧਰਨੇ ਦੇ ਚੌਥੇ ਦਿਨ ਅੱਜ ਸ਼ਹਿਰ ਅੰਦਰ ਸਥਿਤ ‘ਮੋਰ’ ਨਾਂ ਦਾ ਸਾਪਿੰਗ ਮਾਲ ਵੀ ਬੰਦ ਕਰਵਾ ਦਿੱਤਾ ਗਿਆ। ਧਰਨੇ ਨੂੰ ਸੰਬੋਧਨ ਕਰਦਿਆਂ ਕਰਿਆਨਾ ਅਸੋਸੀਏਸ਼ਨ ਦੇ ਪ੍ਰਧਾਨ ਸੁਰੇਸ਼ ਨੰਦਗੜੀਆ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਅੰਬਾਨੀ, ਅੰਡਾਨੀ ਦੇ ਪੱਖ ਪੂਰਨ ਲਈ ਰੋਜ਼ਾਨਾ ਮਿਹਨਤਕਸ਼ ਆਵਾਮ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੀ ਹਰ ਚੀਜ਼ ਨੂੰ ਸੇਲ ਤੇ ਲਗਾ ਦਿੱਤਾ ਗਿਆ ਹੈ।
ਨਾਟਕ ‘ਇਹ ਲਹੂ ਕਿਸਦਾ’ ਖੇਡਿਆ
ਲੰਬੀ (ਪੱਤਰ ਪ੍ਰੇਰਕ): ਖੇਤੀ ਕਾਨੂੰਨਾਂ ਵਿਰੁੱਧ ਘੁਮਿਆਰਾ ਵਿੱਚ ਭਾਕਿਯੂ (ਏਕਤਾ) ਉਗਰਾਹਾਂ ਦੇ ਧਰਨੇ ’ਚ ਚੰਡੀਗੜ ਸਕੂਲ ਆਫ ਡਰਾਮਾ ਦੀ ਟੀਮ ਵੱਲੋਂ ਇੱਕਤਰ ਸਿੰਘ ਦੀ ਨਿਰਦੇਸ਼ਨਾ ਹੇਠ ਨਾਟਕ ‘ਇਹ ਲਹੂ ਕਿਸਦਾ’ ਖੇਡਿਆ ਗਿਆ। ਨਾਟਕ ਜ਼ਰੀਏ ਦਰਸ਼ਕਾਂ ਦੀ ਚੇਤਨਾ ਨੂੰ ਕਿਰਤ ਦੀ ਲੁੱਟ ਕਰਨ ਵਾਲੇ ਮਲਕ ਭਾਗੋਆਂ ਤੋਂ ਸੁਚੇਤ ਕੀਤਾ ਗਿਆ। ਇਸ ਮੌਕੇ ਭਾਕਿਯੂ (ਏਕਤਾ) ਉਗਰਾਹਾਂ ਦੇ ਬਲਾਕ ਪ੍ਰਧਾਨ ਗੁਰਪਾਸ਼ ਸਿੰਘ ਸਿੰਘੇਵਾਲਾ ਨੇ ਕਿਹਾ ਕਿ ਮੋਦੀ ਹਕੂਮਤ ਵੱਲੋਂ ਸ਼ੁਰੂ ਤੋਂ ਹੀ ਨੋਟਬੰਦੀ, ਜੀ.ਐਸ.ਟੀ, ਸਰਕਾਰੀ ਅਦਾਰਿਆਂ ਦੇ ਨਿੱਜੀਕਰਨ, ਅਣਵਿਉਂਤੀ ਤਾਲਾਬੰਦੀ ਆਦਿ ਮਾਰੂ ਫੈਸਲਿਆਂ ਰਾਹੀਂ ਆਰਥਿਕਤਾ ਨੂੰ ਵੱਡੀ ਸੱਟ ਮਾਰ ਕੇ ਲੋਕਾਂ ਦਾ ਜਿਉਣਾ ਦੁੱਭਰ ਕੀਤਾ ਹੈ।