ਜੋਗਿੰਦਰ ਸਿੰਘ ਮਾਨ
ਮਾਨਸਾ, 17 ਨਵੰਬਰ
ਮਾਲਵਾ ਪੱਟੀ ਵਿੱਚ ਅਕਾਲੀ ਸਰਕਾਰ ਵੇਲੇ ਚਿੱਟੀ ਮੱਖੀ ਦੇ ਹਮਲੇ ਦੌਰਾਨ ਹਾਸਲ ਕੀਤੇ ਮੁਆਵਜ਼ੇ ਤੋਂ ਬਾਅਦ ਹੁਣ ਗੁਲਾਬੀ ਸੁੰਡੀ ਦੇ ਝੰਬੇ ਕਿਸਾਨਾਂ ਨੂੰ ਜਥੇਬੰਦਕ ਸੰਘਰਸ਼ਾਂ ਨੇ ਦੂਜੀ ਵਾਰ ਰਾਹਤ ਦਿਵਾਈ ਹੈ। ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਦੀ ਅੱਜ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਹੋਈ ਪਹਿਲੀ ਮੀਟਿੰਗ ਦੌਰਾਨ ਕਿਸਾਨ ਆਗੂਆਂ ਨੇ ਗੁਲਾਬੀ ਸੁੰਡੀ ਕਾਰਨ ਮਾਲਵਾ ਖੇਤਰ ਵਿੱਚ ਤਬਾਹ ਹੋਈ ਨਰਮੇ ਦੀ ਫ਼ਸਲ ਦਾ 12 ਹਜ਼ਾਰ ਤੋਂ 17 ਹਾਜ਼ਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਲੈਣ ਦੀ ਲੰਬੇ ਸਮੇਂ ਤੋਂ ਅੜੀ ਆਪਣੀ ਮੰਗ ਮਨਵਾ ਲਈ ਹੈ। ਇਸ ਦੇ ਨਾਲ ਹੀ ਨਰਮਾ ਚੁਗਣ ਵਾਲੇ ਮਜ਼ਦੂਰਾਂ ਨੂੰ ਵੀ 10 ਫੀਸਦੀ ਮੁਆਵਜ਼ਾ ਦੇਣ ਦਾ ਫੈਸਲਾ ਕੀਤਾ ਗਿਆ ਹੈ। ਇਸ ਨਾਲ ਭਾਵੇਂ ਜਥੇਬੰਦੀਆਂ ਦੀ ਮੰਗ ਅਨੁਸਾਰ ਪੂਰਤੀ ਨਹੀਂ ਹੋਈ ਪਰ ਮੁਆਵਜ਼ਾ ਲੈਣ ਲਈ ਮੈਦਾਨ ਵਿੱਚ ਨਿੱਤਰੀਆਂ ਸੰਘਰਸ਼ੀ ਕਿਸਾਨੀ ਧਿਰਾਂ ਇਸ ਨੂੰ ਆਪਣੀ ਅੰਸ਼ਕ ਜਿੱਤ ਮਹਿਸੂਸ ਕਰਨ ਲੱਗੀਆਂ ਹਨ। ਸਰਕਾਰ ਵੱਲੋਂ ਪੰਜ ਹਜ਼ਾਰ ਰੁਪਏ ਪ੍ਰਤੀ ਏਕੜ ਵੱਧ ਦੇਣ ਦੇ ਐਲਾਨ ਤੋਂ ਬਾਅਦ ਆਮ ਕਿਸਾਨ ਇਸ ਨੂੰ ‘ਜਾਂਦੇ ਚੋਰ ਦੀ ਪੰਡ’ ਸਮਝ ਕੇ ਖੁਸ਼ ਹੋਏ ਬੈਠੇ ਹਨ, ਜਦੋਂ ਕਿ ਕਿਸਾਨ ਜਥੇਬੰਦੀਆਂ ਦੇ ਆਗੂ ਇਸ ਨੂੰ ਸੰਘਰਸ਼ੀ ਜਿੱਤ ਮਹਿਸੂਸ ਕਰਨ ਲੱਗੇ ਹਨ।
ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਤੇ ਸੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਨੇ ਕਿਹਾ ਕਿ ਇਸ ਵਾਰ ਨਰਮੇ ਪੱਟੀ ਵਿੱਚ ਗੁਲਾਬੀ ਸੁੰਡੀ ਦੇ ਹਮਲੇ ਨਾਲ ਫ਼ਸਲ ਪੂਰੀ ਤਰ੍ਹਾਂ ਬਰਬਾਦ ਹੋ ਚੁੱਕੀ ਹੈ, ਜਿਸ ਦਾ ਢੁੱਕਵਾਂ ਮੁਆਵਜ਼ਾ ਲੈਣ ਲਈ ਜਥੇਬੰਦੀ ਵੱਲੋਂ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਦੀ ਕੋਠੀ ਦਾ ਪਿੰਡ ਬਾਦਲ ਵਿੱਚ 14 ਦਿਨ ਘਿਰਾਓ ਕੀਤਾ ਗਿਆ। ਬਾਅਦ ਵਿੱਚ ਪੰਜ ਦਿਨਾਂ ਲਈ ਸਕੱਤਰੇਤ ਬਠਿੰਡਾ ਨੂੰ ਮੁਕੰਮਲ ਬੰਦ ਕਰ ਦਿੱਤਾ ਗਿਆ ਸੀ ਪਰ ਜਦੋਂ ਪੰਜਾਬ ਸਰਕਾਰ ਨੇ ਕਿਸਾਨਾਂ ਦੀ ਕੋਈ ਗੱਲ ਨਾ ਸੁਣੀ ਤਾਂ ਸਕੱਤਰੇਤ ਦਾ ਘਿਰਾਓ ਖ਼ਤਮ ਕਰ ਕੇ ਜਥੇਬੰਦੀ ਨੇ ਕਿਸੇ ਵੀ ਕਾਂਗਰਸੀ ਮੰਤਰੀ ਜਾਂ ਆਗੂ ਨੂੰ ਪਿੰਡਾਂ ਵਿੱਚ ਨਾ ਵੜਨ ਦੇਣ ਦਾ ਐਲਾਨ ਕਰ ਦਿੱਤਾ ਸੀ। ਕਿਸਾਨਾਂ ਦੇ ਸੰਘਰਸ਼ ਨੂੰ ਵੇਖਦਿਆਂ ਸਰਕਾਰ ਨੇ ਪ੍ਰਤੀ ਏਕੜ 17 ਹਾਜ਼ਰ ਰੁਪਏ ਅਤੇ ਇਸ ਤੋਂ ਵੱਖਰਾ ਮਜ਼ਦੂਰਾਂ ਨੂੰ 10 ਪ੍ਰਤੀਸ਼ਤ ਮੁਆਵਜ਼ਾ ਦੇਣ ਦਾ ਭਰੋਸਾ ਦਿੱਤਾ ਹੈ।
ਜਿੰਨਾ ਸਾਥ ਮਿਲਿਆ, ਓਨਾ ਫਾਇਦਾ ਹੋ ਗਿਆ: ਭੈਣੀਬਾਘਾ
ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਕਿਹਾ ਕਿ ਜਥੇਬੰਦੀ 60 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ੇ ਦੀ ਮੰਗ ਕਰਦੀ ਸੀ, ਪਰ ਜਿੰਨਾ ਕੁ ਸੰਘਰਸ਼ ਦੌਰਾਨ ਕਿਸਾਨਾਂ ਨੇ ਸਾਥ ਦਿੱਤਾ ਹੈ, ਓਨਾ ਕੁ ਫਾਇਦਾ ਹੋ ਗਿਆ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜਗਿੱਲ ਨੇ ਕਿਹਾ ਕਿ ਜਥੇਬੰਦੀਆਂ ਦੇ ਦਬਾਅ ਹੇਠ ਆ ਕੇ ਸਰਕਾਰ ਨੂੰ ਅਜਿਹਾ ਮੁਆਵਜ਼ਾ ਵਧਾਉਣ ਲਈ ਮਜਬੂਰ ਹੋਣਾ ਪਿਆ ਹੈ।