ਰਾਜਵਿੰਦਰ ਰੌਂਤਾ
ਨਿਹਾਲ ਸਿੰਘ ਵਾਲਾ, 23 ਅਗਸਤ
ਮੋਗਾ ਦੀ ਸ਼ਹੀਦ ਭਗਤ ਸਿੰਘ ਮਾਰਕੀਟ ਵਿੱਚ ਲੱਗਿਆ ਸ਼ਹੀਦ ਭਗਤ ਸਿੰਘ ਦਾ ਬੁੱਤ ਅੱਜਕਲ੍ਹ ਆਪਣੀ ਹੋਣੀ ’ਤੇ ਹੰਝੂ ਵਹਾਅ ਰਿਹਾ ਹੈ। ਬੁੱਤ ਵਿੱਚ ਤਰੇੜ ਆਈ ਹੋਈ ਹੈ ਤੇ ਆਲੇ ਦੁਆਲੇ ਗੋਡੇ ਗੋਡੇ ਘਾਹ ਫੂਸ ਉਗਿਆ ਹੋਇਆ ਹੈ। ਆਜ਼ਾਦੀ ਦਿਵਸ ਸਮੇਂ ਸ਼ਹਿਰ ਵਿਚਲੇ ਬੁੱਤਾਂ ਨੂੰ ਰੰਗ ਰੋਗਨ ਕਰਕੇ ਸੰਵਾਰਿਆ ਗਿਆ। ਪਰ ਸ਼ਹੀਦ ਭਗਤ ਸਿੰਘ ਦਾ ਬੁੱਤ ਪਤਾ ਨਹੀਂ ਕਿਉਂ ਅਣਦੇਖਿਆ ਰਹਿ ਗਿਆ। ਆਮ ਆਦਮੀ ਪਾਰਟੀ ਵੱਲੋਂ ਵੀ ਭਗਤ ਸਿੰਘ ਦੇ ਸੁਪਨਿਆਂ ਦਾ ਦੇਸ਼ ਬਣਾਉਣ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਬੁੱਤ ਦੀ ਅਜਿਹੀ ਹਾਲਤ ਤੋਂ ਉਨ੍ਹਾਂ ਦੇ ਦਾਅਵਿਆਂ ਦੀ ਸੱਚਾਈ ਦਾ ਪਤਾ ਚੱਲਦਾ ਹੈ। ਸਰਕਾਰੀ ਦਫ਼ਤਰਾਂ ਵਿੱਚ ਭਗਤ ਸਿੰਘ ਦੀਆਂ ਫੋਟੋਆਂ ਲਗਾਈਆਂ ਜਾ ਰਹੀਆਂ। ਹੋਰ ਪਾਰਟੀਆਂ ਵੀ ਭਗਤ ਸਿੰਘ ਦੇ ਵਿਚਾਰਾਂ ਤੇ ਸੋਚ ’ਤੇ ਪਹਿਰਾ ਦੇਣ ਦੀ ਗੱਲ ਕਰਦੀਆਂ ਹਨ। ਪਰ ਕਿਸੇ ਪਾਰਟੀ ਦੇ ਨੁਮਾਇੰਦੇ ਦਾ ਧਿਆਨ ਮੋਗਾ ਦੇ ਬੱਤੀਆਂ ਵਾਲਾ ਚੌਕ ਨੇੜਲੀ ਸ਼ਹੀਦ ਭਗਤ ਸਿੰਘ ਮਾਰਕੀਟ ਵਿੱਚ ਲੱਗੇ ਸ਼ਹੀਦ ਦੇ ਬੁੱਤ ਵੱਲ ਨਹੀਂ ਗਿਆ।
ਭਗਤ ਸਿੰਘ ਦੇ ਬੁੱਤ ਦੇ ਸਿਰ ਵਿੱਚ ਵੱਡੀ ਤਰੇੜ ਆਈ ਹੋਈ ਹੈ। ਬਾਂਹ ਨਾਲ ਰੱਸੀ ਨਾਲ ਤਿਰੰਗਾ ਬੰਨ੍ਹਿਆ ਹੈ। ਮਾਰਕੀਟ ਨੇੜੇ ਮੌਜੂਦ ਲੋਕਾਂ ਨੇ ਦੱਸਿਆ ਕਿ ਭਗਤ ਸਿੰਘ ਦੇ ਜਨਮ ਦਿਨ ਤੇ ਸ਼ਹੀਦੀ ਦਿਹਾੜੇ ਵਾਲੇ ਦਿਨ ਹੀ ਪਾਰਟੀਆਂ ਵਾਲੇ ਭਗਤ ਸਿੰਘ ਨੂੰ ਯਾਦ ਕਰਨ ਆਉਂਦੇ ਹਨ ਤੇ ਹਾਰ ਪਾਕੇ ਫੋਟੋ ਕਰਵਾ ਕੇ ਚਲੇ ਜਾਂਦੇ ਹਨ। ਬੁੱਤ ਹੇਠ ਗੋਡੇ ਗੋਡੇ ਘਾਹ, ਨਿਕ ਸੁਕ ਖੜਾ ਹੈ। ਕੂੜੇ ਦੀ ਢੇਰੀ ਲੱਗੀ ਹੋਈ ਹੈ। ਕਦੇ ਕਦਾਈਂ ਮਾਰਕੀਟ ਵਾਲੇ ਇਸ ਪਾਰਕ ਦੀ ਸਫਾਈ ਕਰਵਾ ਦਿੰਦੇ ਹਨ। ਇਸ ਤੋਂ ਵਧ ਕੁਝ ਵੀ ਨਹੀਂ ਹੁੰਦਾ।
ਦੱਸਣਯੋਗ ਹੈ ਕਿ ਮਾਰਕੀਟ ਵਲੋਂ ਡੇਢ ਦਹਾਕਾ ਪਹਿਲਾਂ ਭਗਤ ਸਿੰਘ ਦਾ ਬੁੱਤ ਲਗਵਾਇਆ ਗਿਆ ਸੀ ਤੇ ਉਦੋਂ ਮਾਰਕੀਟ ਕਮੇਟੀ ਵੀ ਬਣੀ ਸੀ ਪਰ ਅੱਜ ਕਲ੍ਹ ਭਗਤ ਸਿੰਘ ਦਾ ਬੁੱਤ ਲਾਵਾਰਸ ਹੈ। ਇਸ ਸਬੰਧੀ ਗੱਲਬਾਤ ਕਰਨ ਲਈ ਮੋਗਾ ਦੀ ਵਿਧਾਇਕਾ ਅਮਨਦੀਪ ਕੌਰ ਅਰੋੜਾ ਨੂੰ ਫੋਨ ਕੀਤਾ ਪਰ ਉਨ੍ਹਾਂ ਫੋਨ ਨਹੀਂ ਚੁੱਕਿਆ। ਡੀਸੀ ਮੋਗਾ ਕੁਲਵੰਤ ਸਿੰਘ ਨੇ ਭਗਤ ਸਿੰਘ ਦੇ ਬੁੱਤ ਦੀ ਤਰਸਯੋਗ ਹਾਲਤ ’ਤੇ ਫ਼ਿਕਰ ਜ਼ਾਹਿਰ ਕਰਦਿਆਂ ਕਿਹਾ ਕਿ ਕਾਰਪੋਰੇਸ਼ਨ ਨੂੰ ਕਹਿ ਕੇ ਬੁੱਤ ਤੇ ਪਾਰਕ ਨੂੰ ਠੀਕ ਕਰਵਾਇਆ ਜਾਵੇਗਾ।