ਪੱਤਰ ਪ੍ਰੇਰਕ
ਨਿਹਾਲ ਸਿੰਘ ਵਾਲਾ/ਮੋਗਾ 28 ਅਗਸਤ
‘ਪੰਜਾਬੀ ਟ੍ਰਿਬਿਊਨ’ ਅਖ਼ਬਾਰ ਵਿੱਚ 24 ਅਗਸਤ ਨੂੰ ਮੋਗਾ ਦੀ ਸ਼ਹੀਦ ਭਗਤ ਸਿੰਘ ਮਾਰਕੀਟ ਵਿੱਚ ਲੱਗੇ ਹੋਏ ਸ਼ਹੀਦ ਭਗਤ ਸਿੰਘ ਦੇ ਬੁੱਤ ਅਤੇ ਪਾਰਕ ਦੀ ਤਰਸਯੋਗ ਹਾਲਤ ਬਾਰੇ ਖ਼ਬਰ ਦਾ ਨੋਟਿਸ ਲੈਂਦਿਆਂ ਐੱਨਜੀਓ ਕੋਆਰਡੀਨੇਸ਼ਨ ਕਮੇਟੀ ਮੋਗਾ ਨੇ ਭਗਤ ਸਿੰਘ ਦੇ ਬੁੱਤ ਅਤੇ ਪਾਰਕ ਦੀ ਸਫ਼ਾਈ ਕੀਤੀ ਹੈ। ਹਾਲਾਂਕਿ ਬੇਸ਼ੱਕ ਡੀਸੀ ਮੋਗਾ ਨੇ ਪਾਰਕ ਤੇ ਬੁੱਤ ਦੀ ਸਫਾਈ ਕਰਵਾਉਣ ਦਾ ਭਰੋਸਾ ਦਿੱਤਾ ਸੀ।
ਐੱਨਜੀਓ ਕੋਆਰਡੀਨੇਸ਼ਨ ਕਮੇਟੀ ਮੋਗਾ ਅਤੇ ਸ਼ਹੀਦ ਭਗਤ ਸਿੰਘ ਵੈਲਫੇਅਰ ਕਲੱਬ ਘੋਲੀਆ ਕਲਾਂ ਦੇ ਮੈਂਬਰਾਂ ਨੇ ਪਾਰਕ ਵਿੱਚ ਉੱਗੇ ਘਾਹ ਦੀ ਕਟਾਈ ਕਰਨ ਉਪਰੰਤ ਸ਼ਹੀਦ ਭਗਤ ਸਿੰਘ ਦੇ ਬੁੱਤ ਨੂੰ ਪਾਣੀ ਨਾਲ ਧੋ ਕੇ ਸਾਫ ਕੀਤਾ। ਰੂਰਲ ਐੱਨਜੀਓ ਦੇ ਜ਼ਿਲ੍ਹਾ ਚੇਅਰਮੈਨ ਮਹਿੰਦਰ ਪਾਲ ਲੂੰਬਾ, ਕੋਆਰਡੀਨੇਸ਼ਨ ਕਮੇਟੀ ਮੋਗਾ ਦੇ ਪ੍ਰਧਾਨ ਗੁਰਸੇਵਕ ਸਿੰਘ ਸੰਨਿਆਸੀ ਅਤੇ ਰੂਰਲ ਐਨਜੀਓ ਦੇ ਪ੍ਰਧਾਨ ਦਵਿੰਦਰਜੀਤ ਸਿੰਘ ਗਿੱਲ ਨੇ ਕਿਹਾ ਕਿ ਮਿਉਂਸਿਪਲ ਕਾਰਪੋਰੇਸ਼ਨ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸ਼ਹੀਦ ਭਗਤ ਸਿੰਘ ਦੇ ਬੁੱਤ ਅਤੇ ਪਾਰਕ ਦੀ ਤਰਸਯੋਗ ਵੱਲ ਧਿਆਨ ਨੇ ਦੇਣਾ ਮੰਦਭਾਗਾ ਹੈ। ਸਟੇਟ ਐਵਾਰਡੀ ਲੈਕਚਰਾਰ ਤੇਜਿੰਦਰ ਜਸ਼ਨ ਨੇ ਕਿਹਾ ਕਿ ਸਾਨੂੰ ਸਰਕਾਰਾਂ ਤੇ ਝਾਕ ਰੱਖਣ ਦੀ ਬਜਾਏ ਅਜਿਹੇ ਕਾਰਜ ਆਪ ਕਰਨੇ ਚਾਹੀਦੇ ਹਨ। ਉਨ੍ਹਾਂ ਇੰਪਰੂਵਮੈਂਟ ਟਰੱਸਟ ਮੋਗਾ ਅਤੇ ਮਿਉਂਸਪਲ ਕਾਰਪੋਰੇਸ਼ਨ ਮੋਗਾ ਤੋਂ ਮੰਗ ਕੀਤੀ ਕਿ ਸ਼ਹੀਦੀ ਸਮਾਰਕਾਂ ਦੀ ਸਾਂਭ ਸੰਭਾਲ ਦਾ ਪੱਕਾ ਪ੍ਰਬੰਧ ਕੀਤਾ ਜਾਵੇ।