ਪਵਨ ਗੋਇਲ
ਭੁੱਚੋ ਮੰਡੀ, 1 ਮਈ
ਸਿਵਲ ਇੰਜਨੀਅਰਿੰਗ ਕੰਪਨੀ ਐਮਜੀਸੀਪੀਐੱਲ ਦਾ ਤੇਜ ਰਫ਼ਤਾਰ ਕੰਕਰੀਟ ਟਰੱਕ ਮਿਕਸਰ ਬੀਤੀ ਰਾਤ ਕਰੀਬ ਦੋ ਵਜੇ ਬੈਸਟ ਪ੍ਰਾਈਸ ਮਾਲ ਅੱਗੇ ਭਾਕਿਯੂ ਉਗਰਾਹਾਂ ਦੇ ਚੱਲ ਰਹੇ ਕਿਸਾਨ ਮੋਰਚੇ ਵਾਲੇ ਟੈਂਟ ਵਿੱਚ ਵੜ ਗਿਆ ਅਤੇ ਪਾਣੀ ਵਾਲੀ ਟੈਂਕੀ ਤੇ ਸਾਊਂਡ ਸਿਸਟਮ ਬਗੈਰਾ ਤੋੜਦਾ ਹੋਇਆ ਅੱਗੇ ਨਿਕਲ ਗਿਆ। ਇਸ ਟੈਂਟ ਵਿੱਚ ਸਾਮਾਨ ਦੀ ਰਾਖੀ ਲਈ ਸੁੱਤੇ ਕਿਸਾਨ ਵਾਲ-ਵਾਲ ਬਚ ਗਏ। ਪਤਾ ਲਗਦਿਆਂ ਹੀ ਪਿੰਡਾਂ ਵਿੱਚੋਂ ਕਿਸਾਨ ਮਿਕਸਰ ਪਲਾਂਟ ਅੱਗੇ ਪਹੁੰਚ ਗਏ ਅਤੇ ਗੇਟ ਅੱਗੇ ਧਰਨਾ ਲਗਾ ਦਿੱਤਾ। ਉਨ੍ਹਾਂ ਕੰਪਨੀ ਦੇ ਅਧਿਕਾਰੀਆਂ ਵਿਰੁੱਧ ਨਾਅਰੇਬਾਜ਼ੀ ਕੀਤੀ ਅਤੇ ਮੁਲਜ਼ਮ ਡਰਾਈਵਰ ਖ਼ਿਲਾਫ਼ ਪੁਲੀਸ ਕਾਰਵਾਈ ਦੀ ਮੰਗ ਕੀਤੀ। ਮੌਕੇ ਪੁੱਜੀ ਥਾਣਾ ਬਠਿੰਡਾ ਛਾਉਣੀ ਦੀ ਪੁਲੀਸ ਟਰੱਕ ਡਰਾਈਵਰ ਹਰਬੰਸ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਥਾਣੇ ਲੈ ਗਈ। ਇਸ ਮੌਕੇ ਪਟਿਆਲਾ ਤੋਂ ਪੁੱਜੇ ਕੰਪਨੀ ਅਧਿਕਾਰੀ ਰਘਵੀਰ ਸਿੰਘ ਨੇ ਕਿਸਾਨਾਂ ਨੂੰ ਭਰੋਸਾ ਦਿੱਤਾ ਕਿ ਉਹ ਨੁਕਸਾਨ ਦੀ ਭਰਪਾਈ ਕਰ ਦੇਵੇਗਾ ਅਤੇ ਡਰਾਈਵਰ ਖ਼ਿਲਾਫ਼ ਉਹ ਭਾਵੇਂ ਪੁਲੀਸ ਕਾਰਵਾਈ ਕਰਵਾ ਲੈਣ। ਅਧਿਕਾਰੀ ਦੇ ਇਸ ਭਰੋਸੇ ਮਗਰੋਂ ਕਿਸਾਨਾਂ ਨੇ ਧਰਨਾ ਚੁੱਕ ਦਿੱਤਾ। ਐੱਸਐੱਚਓ ਗੁਰਮੀਤ ਸਿੰਘ ਨੇ ਵਿੱਚ ਕਿਹਾ ਕਿ ਇਸ ਮਾਮਲੇ ਵਿੱਚ ਕਿਸੇ ਨੂੰ ਫੜਨ ਵਾਲੀ ਕਿਹੜੀ ਗੱਲ ਹੈ, ਇਹ ਕੋਈ ਵੱਡੀ ਗੱਲ ਨਹੀਂ ਹੈ, ਨੁਕਸਾਨ ਹੋਇਆ ਹੈ 427 ਦੀ ਧਾਰਾ ਤਹਿਤ ਭਰਪਾਈ ਕਰ ਦਿੱਤੀ ਹੋਵੇਗੀ।