ਜਗਜੀਤ ਸਿੰਘ ਸਿੱਧੂ
ਤਲਵੰਡੀ ਸਾਬੋ 5 ਸਤੰਬਰ
ਇੱਕ ਪਾਸੇ ਪੰਜਾਬ ਸਰਕਾਰ ਪਿਛਲੇ ਦਿਨਾਂ ਵਿੱਚ ਵਿਧਾਇਕਾਂ ਦੇ ਪੁੱਤਰਾਂ ਨੂੰ ਨੌਕਰੀਆਂ ਦੇਣ ਲਈ ਨਿਯਮਾਂ ਵਿੱਚ ਸੋਧ ਕਰਨ ਲਈ ਤਿਆਰ ਹੋ ਗਈ ਸੀ, ਉੱਥੇ ਤੀਹ ਸਾਲ ਪਹਿਲਾਂ ਕਿਸਾਨੀ ਸੰਘਰਸ਼ ਦੌਰਾਨ ਜਾਨ ਗੁਆ ਚੁੱਕੇ ਪਿੰਡ ਜਗਾ ਰਾਮ ਤੀਰਥ ਦੇ ਇੱਕ ਕਿਸਾਨ ਦਾ ਪੁੱਤਰ ਨੌਕਰੀ ਲਈ ਧੱਕੇ ਖਾ ਰਿਹਾ ਹੈ ਅਤੇ ਲੀਡਰਾਂ ਤੇ ਅਧਿਕਾਰੀਆਂ ਨੂੰ ਬੇਨਤੀਆਂ ਕਰਕੇ ਥੱਕ ਚੁੱਕਿਆ ਹੈ।
ਮੁੱਖ ਮੰਤਰੀ ਪੰਜਾਬ ਦੇ ਨਾਂ ਇੱਕ ਹੋਰ ਪੱਤਰ ਲਿਖ ਕੇ ਪ੍ਰੈੱਸ ਸਾਹਮਣੇ ਪੇਸ਼ ਹੋਏ ਨੌਜਵਾਨ ਇਕਬਾਲ ਸਿੰਘ ਨੇ ਦੱਸਿਆ ਕਿ 29 ਨਵੰਬਰ 1990 ਨੂੰ ਖੇਤੀਬਾੜੀ ਅਤੇ ਬਾਗਬਾਨੀ ਵਿਭਾਗ ਦੇ ਮੁਲਾਜ਼ਮਾਂ ਦੇ ਹੱਕ ਵਿੱਚ ਕਿਸਾਨਾਂ ਵੱਲੋਂ ਚੰਡੀਗੜ੍ਹ ਵਿਖੇ ਕਿਸਾਨ ਆਗੂ ਅਜਮੇਰ ਸਿੰਘ ਲੱਖੋਵਾਲ ਅਤੇ ਹੋਰਾਂ ਦੀ ਅਗਵਾਈ ਵਿੱਚ ਇੱਕ ਰੈਲੀ ਰੱਖੀ ਗਈ ਸੀ, ਜਿਸ ਵਿੱਚ ਕਿਸਾਨ ਆਗੂ ਹੋਣ ਦੇ ਨਾਤੇ ਉਸਦਾ ਪਿਤਾ ਜਗਸੀਰ ਸਿੰਘ ਵੀ ਸ਼ਾਮਲ ਹੋਇਆ ਸੀ। ਉਸ ਨੇ ਦੱਸਿਆ ਕਿ ਰੈਲੀ ਤੋਂ ਪਰਤਦਿਆਂ ਕਿਸਾਨਾਂ ਦਾ ਟਰੱਕ ਪਟਿਆਲਾ ਨੇੜੇ ਹਾਦਸਾਗ੍ਰਸਤ ਹੋ ਗਿਆ, ਜਿਸ ਵਿੱਚ ਉਸ ਦੇ ਪਿਤਾ ਸਮੇਤ ਹਲਕਾ ਤਲਵੰਡੀ ਸਾਬੋ ਦੇ ਚਾਰ ਕਿਸਾਨ ਸ਼ਹੀਦ ਹੋ ਗਏ ਸਨ। ਪੀੜਤ ਨੌਜਵਾਨ ਅਨੁਸਾਰ ਉਸ ਸਮੇਂ ਖੇਤੀਬਾੜੀ ਵਿਭਾਗ ਵਿੱਚ ਬਾਕੀ ਦੇ ਤਿੰਨ ਸ਼ਹੀਦ ਕਿਸਾਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਤਾਂ ਸਰਕਾਰੀ ਨੌਕਰੀ ਦੇ ਦਿੱਤੀ ਗਈ। ਪਰ ਉਸ ਸਮੇਂ ਉਸ ਦੀ ਉਮਰ ਸਿਰਫ ਚਾਰ ਸਾਲ ਸੀ ਅਤੇ ਉਸ ਦੀ ਮਾਤਾ ਅਨਪੜ੍ਹ ਸੀ, ਜਿਸ ਕਾਰਨ ਉਹ ਨੌਕਰੀ ਤੋਂ ਵਾਂਝੇ ਰਹਿ ਗਏ।
ਇਕਬਾਲ ਸਿੰਘ ਨੇ ਦੱਸਿਆ ਕਿ ਉਸ ਨੂੰ ਉਸਦੇ ਹੱਕ ਅਨੁਸਾਰ ਸਰਕਾਰੀ ਨੌਕਰੀ ਦੇਣ ਲਈ ਉਹ ਸਮੇਂ ਸਮੇਂ ਪੰਜਾਬ ਦੇ ਮੁੱਖ ਮੰਤਰੀਆਂ, ਮੰਤਰੀਆਂ, ਮੰਡੀ ਬੋਰਡ ਦੇ ਚੇਅਰਮੈਨ ਰਹਿਣ ਸਮੇਂ ਅਜਮੇਰ ਸਿੰਘ ਲੱਖੋਵਾਲ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਮਿਲਦਾ ਰਿਹਾ ਹੈ ਤੇ ਆਪਣੇ ਪਰਿਵਾਰ ਦੀ ਆਰਥਿਕ ਹਾਲਤ ਦਾ ਵਾਸਤਾ ਪਾ ਕੇ ਬਣਦੇ ਹੱਕ ਅਨੁਸਾਰ ਨੌਕਰੀ ਦੇਣ ਦੀ ਅਪੀਲ ਕਰਦਾ ਰਿਹਾ ਹੈ। ਪਰ ਅੱਜ ਤੱਕ ਉਸ ਦੀ ਕਿਤੇ ਸੁਣਵਾਈ ਨਹੀਂ ਹੋਈ। ਪੀੜਤ ਨੌਜਵਾਨ ਨੇ ਜਿੱਥੇ ਕਿਸਾਨ ਆਗੂਆਂ ਨੂੰ ਉਸਦੀ ਬਾਂਹ ਫੜ੍ਹਨ ਦੀ ਅਪੀਲ ਕੀਤੀ ਹੈ, ਉੱਥੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਬਾਕੀ ਤਿੰਨ ਸ਼ਹੀਦਾਂ ਦੇ ਪਰਿਵਾਰਾਂ ਵਾਂਗ ਉਸਨੂੰ ਵੀ ਸਰਕਾਰੀ ਨੌਕਰੀ ਦੇਣ ਦੀ ਗੁਹਾਰ ਲਗਾਈ ਗਈ।
ਕੈਪਸ਼ਨ: ਕਿਸਾਨ ਆਗੂਆਂ ਅਤੇ ਮੁੱਖ ਮੰਤਰੀ ਦੇ ਨਾਂ ਲਿਖੇ ਪੱਤਰ ਦਿਖਾਉਂਦਾ ਪੀੜ੍ਹਤ ਨੌਜਵਾਨ ਇਕਬਾਲ ਸਿੰਘ।