ਪੱਤਰ ਪ੍ਰੇਰਕ
ਮਾਨਸਾ, 5 ਮਈ
ਸ਼ਹਿਰ ਵਿੱਚ ਸੀਵਰੇਜ ਦੀ ਸਮੱਸਿਆ ਨੂੰ ਲੈ ਕੇ ਬੱਸ ਸਟੈਂਡ ਸਾਹਮਣੇ ਵੁਆਇਸ ਆਫ ਮਾਨਸਾ ਦੀ ਅਗਵਾਈ ਹੇਠ ਲਾਇਆ ਧਰਨਾ ਹੁਣ ਲੋਕ ਲਹਿਰ ਬਣਨ ਲੱਗਿਆ ਹੈ। ਸੀਵਰੇਜ ਦੇ ਗੰਦੇ ਪਾਣੀ ਤੋਂ ਅੱਕੇ ਲੋਕ ਹੁਣ ਪ੍ਰਸ਼ਾਸਨ ਤੇ ਸਰਕਾਰ ਖਿਲਾਫ਼ ਆਰ-ਪਾਰ ਦੀ ਲੜਾਈ ’ਤੇ ਉਤਰ ਆਏ ਹਨ। ਅੱਜ ਐਤਵਾਰ ਦੀ ਛੁੱਟੀ ਵਾਲੇ ਦਿਨ ਸੁੱਤੇ ਪਏ ਪ੍ਰਸ਼ਾਸਨ ਨੂੰ ਜਗਾਉਣ ਲਈ ਧਰਨਾਕਾਰੀ ਮੁਰਦਾਬਾਦ ਕਰਦੇ ਰਹੇ ਅਤੇ ਰੋਜ਼ ਦੀ ਤਰ੍ਹਾਂ ਪੰਜ ਜਣੇ ਸੁੱਤੀ ਸਰਕਾਰ ਨੂੰ ਜਗਾਉਣ ਲਈ ਭੁੱਖ ਹੜਤਾਲ ’ਤੇ ਬੈਠੇ। ਵੁਆਇਸ ਆਫ ਮਾਨਸਾ ਦੇ ਪ੍ਰਧਾਨ ਡਾ. ਜਨਕ ਰਾਜ ਸਿੰਗਲਾ ਨੇ ਕਿਹਾ ਕਿ ਪ੍ਰਸ਼ਾਸਨ ਉਨ੍ਹਾਂ ਦਾ ਸਬਰ ਨਾ ਪਰਖੇ ਕਿਉਂਕਿ ਰੋਹ ਵਧਣ ਕਰਕੇ ਇਹ ਧਰਨਾ ਹੁਣ ਲੋਕ ਲਹਿਰ ਬਣ ਗਿਆ ਹੈ ਤੇ ਲੋਕ ਸਮੱਸਿਆ ਦਾ ਛੇਤੀ ਹੱਲ ਕਰਵਾਉਣਾ ਚਾਹੁੰਦੇ ਹਨ। ਉਨ੍ਹਾਂ ਦੱਸਿਆ ਕਿ ਭਲਕੇ 6 ਮਈ ਨੂੰ ਜ਼ਿਲ੍ਹੇ ਦੀਆਂ ਹੋਰ ਸੰਸਥਾਵਾਂ ਸਮਾਜਿਕ ਤੇ ਧਾਰਮਿਕ ਸੰਸਥਾਵਾਂ ਇਕੱਠੀਆਂ ਹੋ ਕੇ ਵਿਸ਼ੇਸ਼ ਇਕੱਠ ਕਰ ਰਹੀਆਂ ਹਨ, ਜਿਸ ਵਿੱਚ ਇਹ ਮਸਲੇ ਨੂੰ ਹੋਰ ਵਿਚਾਰਿਆ ਜਾਵੇਗਾ ਅਤੇ ਇਸ ਧਰਨੇ ’ਤੇ ਸੰਘਰਸ਼ ਨੂੰ ਲੋਕ ਰਾਇ ਅਨੁਸਾਰ ਨਵਾਂ ਰੂਪ ਦਿੱਤਾ ਜਾਵੇਗਾ। ਸੰਸਥਾ ਦੇ ਮੀਤ ਪ੍ਰਧਾਨ ਅਤੇ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਬਲਵਿੰਦਰ ਸਿੰਘ ਕਾਕਾ ਨੇ ਕਿਹਾ ਕਿ ਇਸ ਗੰਭੀਰ ਸਮੱਸਿਆ ਨੂੰ ਸਮਝਦੇ ਹੋਏ ਪ੍ਰਸ਼ਾਸਨ ਅਤੇ ਰਾਜਨੀਤਕ ਲੋਕਾਂ ਨੂੰ ਅੱਗੇ ਆਕੇ ਇਸ ਦਾ ਹੱਲ ਕੱਢਣਾ ਚਾਹੀਦਾ।