ਪੱਤਰ ਪ੍ਰੇਰਕ
ਟੱਲੇਵਾਲ, 2 ਨਵੰਬਰ
ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਦੇ ਮਾਮਲੇ ਅਤੇ ਇਸ ਨੂੰ ਲੈ ਕੇ ਕਿਸਾਨਾਂ ਤੇ ਪ੍ਰਸ਼ਾਸਨ ਦਰਮਿਆਨ ਤਕਰਾਰ ਦੇ ਮਾਮਲੇ ਰੋਜ਼ਾਨਾ ਸਾਹਮਣੇ ਆ ਰਹੇ ਹਨ। ਇਸ ਤਰ੍ਹਾਂ ਦਾ ਮਾਮਲਾ ਪਿੰਡ ਚੀਮਾ ਨੇੜੇ ਬਰਨਾਲਾ ਮੋਗਾ ਕੌਮੀ ਹਾਈਵੇਅ ਉਪਰ ਟੌਲ ਪਲਾਜ਼ਾ ‘ਤੇ ਦੇਖਣ ਨੂੰ ਮਿਲਿਆ, ਜਿੱਥੇ ਅੱਜ ਸ਼ਾਮ ਸਮੇਂ ਕਿਸੇ ਕਿਸਾਨ ਵਲੋਂ ਲਗਾਈ ਪਰਾਲੀ ਦੀ ਅੱਗ ਬੁਝਾਉਣ ਆਈ ਫ਼ਾਇਰ ਬ੍ਰਿਗੇਡ ਦੀ ਗੱਡੀ ਅਤੇ ਨਾਇਬ ਤਹਿਸੀਲਦਾਰ ਨੂੰ ਕਿਸਾਨਾਂ ਨੇ ਘੇਰ ਲਿਆ। ਕੁੱਝ ਹੀ ਮਿੰਟਾਂ ਵਿੱਚ ਬੀਕੇਯੂ ਡਕੌਂਦਾ ਅਤੇ ਉਗਰਾਹਾਂ ਨਾਲ ਸਬੰਧਤ ਕਿਸਾਨ ਵੱਡੀ ਗਿਣਤੀ ਵਿੱਚ ਮੌਕੇ ’ਤੇ ਪੁੱਜ ਗਏ।
ਇਸ ਮੌਕੇ ਜੱਥੇਬੰਦੀਆਂ ਦੇ ਕਿਸਾਨ ਆਗੂਆਂ ਦਰਸ਼ਨ ਸਿੰਘ ਉਗੋਕੇ, ਭੋਲਾ ਸਿੰਘ ਛੰਨਾ, ਦਰਸ਼ਨ ਸਿੰਘ ਚੀਮਾ ਅਤੇ ਬਲਵੰਤ ਸਿੰਘ ਚੀਮਾ ਨੇ ਦੱਸਿਆ ਕਿ ਫ਼ਾਇਰ ਬ੍ਰਿਗੇਡ ਦੀ ਗੱਡੀ ਨੇੜਲੇ ਖੇਤ ਦੇ ਕਿਸਾਨ ਵਲੋਂ ਮਜਬੂਰਨ ਪਰਾਲੀ ਨੂੰ ਲਗਾਈ ਅੱਗ ਬੁਝਾਉਣ ਆਈ ਸੀ ਜਿਸ ਨੂੰ ਉਨ੍ਹਾਂ ਨੇ ਭਿਣਕ ਪੈਂਦਿਆਂ ਹੀ ਘੇਰ ਲਿਆ। ਉਨ੍ਹਾਂ ਦੱਸਿਆ ਕਿ ਜਦੋਂ ਕਿਸਾਨਾਂ ਦੀ ਗਰਮੀਆਂ ਵਿੱਚ ਕਣਕ ਦੀ ਖੜੀ ਪੱਕੀ ਫ਼ਸਲ ਅੱਗ ਦੀ ਭੇਂਟ ਚੜ੍ਹ ਜਾਂਦੀ ਹੈ, ਉਸ ਵੇਲੇ ਇਹ ਫ਼ਾਇਰ ਬ੍ਰਿਗੇਡ ਦੀਆਂ ਗੱਡੀਆਂ ਫ਼ੋਨ ਕਰਨ ’ਤੇ ਵੀ ਨਹੀਂ ਪਹੁੰਚਦੀਆਂ, ਪ੍ਰੰਤੂ ਹੁਣ ਕਿਸਾਨਾਂ ਵਲੋਂ ਮਜਬੂਰੀਵੱਸ ਸਾੜੀ ਜਾ ਰਹੀ ਪਰਾਲੀ ਦੀ ਅੱਗ ਬੁਝਾਉਣ ਜ਼ਰੂਰ ਆ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਪਰਾਲੀ ਸਾੜਨਾ ਉਨ੍ਹਾਂ ਦਾ ਕੋਈ ਸ਼ੌਕ ਨਹੀਂ ਹੈ, ਬਲਕਿ ਇਸ ਦੀ ਸੰਭਾਲ ਲਈ ਆਉਂਦੇ ਭਾਰੀ ਖ਼ਰਚੇ ਕਰਨ ਤੋਂ ਕਿਸਾਨ ਅਸਮਰੱਥ ਹਨ। ਸੁਪਰੀਮ ਕੋਰਟ ਅਤੇ ਗ੍ਰੀਨ ਟ੍ਰਿਬਿਊਨਲ ਦੇ ਫ਼ੈਸਲੇ ਅਨੁਸਾਰ ਕਿਸਾਨਾਂ ਨੂੰ ਪਰਾਲੀ ਦੀ ਸੰਭਾਲ ਲਈ ਮੁਆਵਜ਼ਾ ਦਿੱਤਾ ਜਾਵੇ, ਉਹ ਪਰਾਲੀ ਨਹੀਂ ਸਾੜਨਗੇ। ਉਥੇ ਉਨ੍ਹਾਂ ਕਿਹਾ ਕਿ ਫ਼ਾਇਰ ਬ੍ਰਿਗੇਡ ਦੀ ਗੱਡੀ ਤੇ ਨਾਇਬ ਤਹਿਸੀਲਦਾਰ ਦਾ ਘਿਰਾਓ ਓਨਾਂ ਸਮਾਂ ਜਾਰੀ ਰੱਖਣਗੇ, ਜਿੰਨਾਂ ਸਮਾਂ ਅੱਗ ਲਗਾਉਣ ਵਾਲੇ ਕਿਸਾਨ ਉਪਰ ਕੋਈ ਕਾਰਵਾਈ ਨਾ ਕਰਨ ਦਾ ਲਿਖਤੀ ਭਰੋਸਾ ਨਹੀਂ ਦਿੰਦੇ। ਉਥੇ ਇਸ ਮੌਕੇ ਨਾਇਬ ਤਹਿਸੀਲਦਾਰ ਸੁਰਿੰਦਰ ਪੱਬੀ ਨੇ ਕਿਹਾ ਕਿ ਉਹ ਉੱਚ ਅਧਿਕਾਰੀਆਂ ਦੇ ਆਦੇਸ਼ਾਂ ਅਨੁਸਾਰ ਪਰਾਲੀ ਨੂੰ ਲੱਗੀ ਅੱਗ ਬੁਝਾਉਣ ਪੁੱਜੇ ਸਨ, ਜਿੱਥੇ ਉਨ੍ਹਾਂ ਨੂੰ ਕਿਸਾਨਾਂ ਨੇ ਘੇਰਿਆ ਹੈ। ਇਸ ਬਾਰੇ ਉਨ੍ਹਾਂ ਉੱਚ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ ਹੈ।