ਸ਼ਗਨ ਕਟਾਰੀਆ
ਜੈਤੋ, 8 ਮਾਰਚ
ਲੰਘੀ ਰਾਤ ਇੱਥੇ ਬੱਸ ਅੱਡਾ ਚੌਕ ਨੇੜੇ ਕੋਟਕਪੂਰਾ ਰੋਡ ’ਤੇ ਸਥਿਤ ਚਾਰ ਦੁਕਾਨਾਂ ’ਤੇ ਕਥਿਤ ਚੋਰੀ ਹੋ ਗਈ। ਸੀਸੀਟੀਵੀ ਫ਼ੁਟੇਜ਼ ਮੁਤਾਬਿਕ ਸਵਿਫ਼ਟ ਕਾਰ ’ਤੇ ਆਏ ਚੋਰਾਂ ਨੇ ਅੱਧੀ ਰਾਤ ਮਗਰੋਂ 2 ਅਤੇ 3 ਵਜੇ ਦੇ ਦਰਮਿਆਨ ਇਹ ਕਾਰਾ ਕੀਤਾ। ਦਿਲਚਸਪ ਪੱਖ ਹੈ ਕਿ ਇੰਨੀਆਂ ਦੁਕਾਨਾਂ ਦੀ ਫ਼ਰੋਲਾ-ਫ਼ਰਾਲੀ ਦੌਰਾਨ ਉਨ੍ਹਾਂ ਦੇ ਹੱਥ ਨਕਦੀ ਕਰੀਬ ਵੀਹ ਕੁ ਹਜ਼ਾਰ ਹੀ ਲੱਗੀ ਜਦ ਕਿ ਇਕ ਦੁਕਾਨ ’ਚੋਂ ਦੋ ਗੈਸ ਸਿਲੰਡਰ ਲਿਜਾਣ ਬਾਰੇ ਦੱਸਿਆ ਗਿਆ ਹੈ। ਮੈਡੀਕਲ ਸਟੋਰ ਅੰਦਰ ਵੜਨ ਤੋਂ ਪਹਿਲਾਂ ਚੋਰਾਂ ਨੇ ਸਭ ਤੋਂ ਪਹਿਲਾਂ ਉਥੇ ਲੱਗੇ ਸੀਸੀਟੀਵੀ ਕੈਮਰਿਆਂ ਨੂੰ ਨਿਸ਼ਾਨਾ ਬਣਾਇਆ। ਦੋ ਮੈਡੀਕਲ ਸਟੋਰ, ਇਕ ਕਰਿਆਨਾ ਅਤੇ ਇਕ ਟੈਲੀਕਾਮ ਸ਼ਾਪ ਚੋਰੀ ਦਾ ਨਿਸ਼ਾਨਾ ਬਣੇ। ਸ਼ਹਿਰ ਦੇ ਕੌਂਸਲਰ ਡਾ. ਹਰੀਸ਼ ਗੋਇਲ, ‘ਆਪ’ ਆਗੂ ਸੁਸ਼ੀਲ ਸ਼ਰਮਾ ਨੇ ਕਿਹਾ ਕਿ ਪੁਲੀਸ ਸਟੇਸ਼ਨ ਤੋਂ ਮਹਿਜ਼ ਕੁਝ ਕਦਮਾਂ ਦੀ ਦੂਰੀ ’ਤੇ ਇੱਕੋ ਹੱਲੇ ਇੰਨੀਆਂ ਵਾਰਦਾਤਾਂ ਦਾ ਹੋਣਾ ਪ੍ਰਸ਼ਾਸਨ ਦੇ ਸੁਰੱਖਿਆ ਇੰਤਜ਼ਾਮਾਂ ’ਤੇ ਸੁਆਲ ਖੜ੍ਹੇ ਕਰਦਾ ਹੈ। ਉਨ੍ਹਾਂ ਇਸ ਲਈ ਜ਼ਿੰਮੇਵਾਰ ਸੁਰੱਖਿਆ ਕਰਮਚਾਰੀਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਤੋਂ ਇਲਾਵਾ ਪੀੜਤ ਦੁਕਾਨਦਾਰਾਂ ਦੇ ਹੋਏ ਨੁਕਸਾਨ ਦੀ ਭਰਪਾਈ ਦੀ ਮੰਗ ਕੀਤੀ ਹੈ।