ਪੱਤਰ ਪ੍ਰੇਰਕ
ਬੋਹਾ, 23 ਅਕਤੂਬਰ
ਦੀਵਾਲੀ ਤੋਂ ਦੋ ਦਿਨ ਪਹਿਲਾਂ ਬੋਹਾ ਸ਼ਹਿਰ ਦੀ ਇੱਕ ਦੁਕਾਨ ਨੂੰ ਅੱਗ ਲੱਗ ਗਈ ਤੇ ਇੱਕ ਹੋਰ ਦੁਕਾਨ ਵਿੱਚ ਚੋਰੀ ਹੋ ਗਈ। ਬੀਤੀ ਰਾਤ ਬੋਹਾ ਬੱਸ ਅੱਡੇ ’ਤੇ ਸਥਿਤ ਇੱਕ ਕਰਿਆਣੇ ਦੀ ਦੁਕਾਨ ਵਿੱਚ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਅੱਗ ਲੱਗ ਗਈ। ਉਸ ਦਾ ਲਗਪਗ 11 ਲੱਖ ਰੁਪਏ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ।
ਮਨੀਸ਼ ਕਰਿਆਨਾ ਸਟੋਰ ਦੇ ਮਾਲਕ ਨੇ ਦੱਸਿਆ ਕਿ ਰਾਤ 12 ਵਜੇ ਦੇ ਕਰੀਬ ਉਸਦੇ ਗੁਆਂਢੀ ਦੁਕਾਨਦਾਰਾਂ ਨੇ ਉਸਨੂੰ ਅੱਗ ਲੱਗਣ ਬਾਰੇ ਜਾਣਕਾਰੀ ਦਿੱਤੀ। ਸਥਾਨਕ ਲੋਕਾਂ ਨੇ ਅੱਗ ਬੁਝਾਉਣ ਦੀ ਕਾਫ਼ੀ ਕੋਸ਼ਿਸ਼ ਕੀਤੀ, ਪਰ ਉਸ ਦਾ 11 ਲੱਖਾਂ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ। ਦੂਜੇ ਪਾਸੇ ਚੋਰਾਂ ਨੇ ਬੱਸ ਅੱਡੇ ਸਾਹਮਣੇ ਸੁਖਦੇਵ ਕੁਮਾਰ ਤੇ ਅਸ਼ੋਕ ਕੁਮਾਰ ਦੀ ਕਰਿਆਨੇ ਦੀ ਦੁਕਾਨ ਵਿੱਚੋਂ ਲਗਪਗ ਲੱਖ ਰੁਪਏ ਦਾ ਸਾਮਾਨ ਚੋਰੀ ਕਰ ਲਿਆ। ਬੁਢਲਾਡਾ ਦੇ ਵਿਧਾਇਕ ਬੁੱਧ ਰਾਮ ਨੇ ਪੀੜਤ ਦੁਕਾਨਦਾਰਾਂ ਨਾਲ ਗੱਲਬਾਤ ਕੀਤੀ। ਉਨ੍ਹਾਂ ਐੱਸਡੀਐੱਮ ਨੂੰ ਫੋਨ ਕਰਕੇ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਦੇ ਨਿਰਦੇਸ਼ ਦਿੱਤੇ। ਇਸ ਮੌਕੇ ਦਰਸ਼ਨ ਘਾਰੂ, ਕਰਮਜੀਤ ਸਿੰਘ ਫੌਜੀ, ਕੁਲਵੰਤ ਸਿੰਘ, ਵਿਨੋਦ ਕੁਮਾਰ, ਪਰਮਜੀਤ ਪੰਮਾ ਤੇ ਸ਼ੁਖਵਿੰਦਰ ਸਿੰਘ ਆਦਿ ਵੀ ਮੌਜੂਦ ਸਨ।