ਮਨੋਜ ਸ਼ਰਮਾ
ਬਠਿੰਡਾ, 9 ਜੁਲਾਈ
ਅੱਜ ਦੁਪਹਿਰ ਉਸ ਵੇਲੇ ਗੋਨਿਆਣਾ ਮੰਡੀ ਵਿਚ ਡਰਾਮਾ ਦੇਖਣ ਨੂੰ ਮਿਲਿਆ ਜਦੋਂ ਰਾਮਾ ਮੰਡੀ ਤੋਂ ਆਏ ਕੁਝ ਲੋਕਾਂ ਨੇ ਜਸਵਿੰਦਰ ਸਿੰਘ ਨਾਮੀ ਵਿਅਕਤੀ ਦੀ ਕੁੱਟਮਾਰ ਕਰ ਦਿੱਤੀ ਤਾਂ ਖ਼ਫ਼ਾ ਹੋਏ ਆਂਢ-ਗੁਆਂਢ ਦੇ ਲੋਕਾਂ ਨੇ ਉਕਤ ਹੁੜਦੰਗ ਮਚਾ ਰਹੇ ਲੋਕਾਂ ਦੀ ਭੁਗਤ ਸਵਾਰੀ। ਇਸ ਪਿੱਛੋਂ ਭੱਜਦੇ ਨੌਜਵਾਨਾਂ ਨੇ ਗੋਲੀ ਚਲਾ ਦਿੱਤੀ ਜਿਸ ਕਾਰਨ ਇਲਾਕੇ ’ਚ ਦਹਿਸ਼ਤ ਫੈਲ ਗਈ।
ਜਾਣਕਾਰੀ ਅਨੁਸਾਰ ਗੋਨਿਆਣਾ ਮੰਡੀ ਦਾ ਜਸਵਿੰਦਰ ਸਿੰਘ ਉਰਫ਼ ਕਾਲੂ ਪੁੱਤਰ ਨਸੀਬ ਚੰਦ ਜੋ ਰਾਮਾ ਮੰਡੀ ਦੇ ਰਾਜ ਸਿੰਘ ਦੀ ਸਪੁੱਤਰੀ ਸੁਖਪ੍ਰੀਤ ਕੌਰ ਨਾਲ ਰਾਮਾ ਮੰਡੀ ਵਿਖੇ ਵਿਆਹਿਆ ਹੋਇਆ ਹੈ, ਦੇ ਦੋ ਲੜਕੀਆਂ ਵੀ ਹਨ। ਅੱਜ ਜਸਵਿੰਦਰ ਸਿੰਘ ਕਾਲੂ ਅਤੇ ਉਸ ਦੀ ਪਤਨੀ ਸੁਖਪ੍ਰੀਤ ਕੌਰ ਦੀ ਕਿਸੇ ਗੱਲ ਨੂੰ ਲੈ ਕੇ ਘਰੇਲੂ ਲੜਾਈ ਹੋ ਗਈ ਜਿਸ ਤੋਂ ਖ਼ਫ਼ਾ ਸੁਖਪ੍ਰੀਤ ਕੌਰ ਨੇ ਆਪਣੇ ਪੇਕੇ ਪਰਿਵਾਰ ਨੂੰ ਬਲਾ ਲਿਆ ਅਤੇ ਲੜਕੀ ਦੇ ਪਿਤਾ ਰਾਜ ਸਿੰਘ ਅਤੇ ਉਸ ਦੇ ਭਰਾ ਮੰਗਾ ਸਿੰਘ ਤੇ ਸੰਦੀਪ ਸਿੰਘ ਤੇ ਦੋ ਹੋਰ ਅਣਪਛਾਤੇ ਵਿਅਕਤੀਆਂ ਨੇ ਪਹੁੰਚ ਕੇ ਆਪਣੇ ਜਵਾਈ ਜਸਵਿੰਦਰ ਸਿੰਘ ਦੀ ਕੁੱਟਮਾਰ ਕਰ ਦਿੱਤੀ। ਮਾਮਲਾ ਵਧਦਾ ਦੇਖ ਕਿ ਜਸਵਿੰਦਰ ਸਿੰਘ ਦੇ ਭਰਾ ਸੁਖਪਾਲ ਸਿੰਘ ਨੋਨੀ, ਲਖਵਿੰਦਰ ਸਿੰਘ ਲਖੀ ਵੱਲੋਂ ਆਂਢ ਗੁਆਂਢ ਨੂੰ ਇਕੱਠਾ ਕਰ ਕੇ ਹਮਲਵਾਰਾਂ ਤੋਂ ਛੁਡਵਾਉਣ ਦੀ ਕੋਸ਼ਿਸ਼ ਕੀਤੀ ਤਾਂ ਅਤੇ ਆਪਣੇ ਆਪ ਨੂੰ ਘਿਰੇ ਦੇਖਦਿਆਂ ਉਕਤ ਹਮਲਾਵਰ ਹਵਾਈ ਫਾਇਰ ਕਰਦੇ ਹੋਏ ਫ਼ਰਾਰ ਹੋ ਗਏ। ਮੌਕੇ ’ਤੇ ਪੁੱਜੀ ਗੋਨਿਆਣਾ ਚੌਂਕੀ ਦੀ ਪੁਲੀਸ ਨੇ ਸੁਖਪ੍ਰੀਤ ਕੌਰ ਅਤੇ ਉਸ ਦੇ ਪਿਤਾ ਰਾਜ ਸਿੰਘ ਰਾਮਾ ਮੰਡੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਸਵਿੰਦਰ ਸਿੰਘ ਦੇ ਭਰਾ ਲਖਵਿੰਦਰ ਸਿੰਘ ਨੇ ਦੱਸਿਆ ਕਿ ਪਤੀ ਪਤਨੀ ਵਿਚ ਤੂੰ ਤੂੰ ਮੈਂ ਮੈ ਹੋਈ ਸੀ ਪਰ ਮਾਮਲਾ ਵੱਧ ਗਿਆ। ਇਸ ਸਬੰਧੀ ਥਾਣਾ ਨੇਹੀਆਂ ਵਾਲਾ ਦਾ ਮੁਖੀ ਬੂਟਾ ਸਿੰਘ ਅਤੇ ਚੌਂਕੀ ਇੰਚਾਰਜ ਹਰਬੰਸ ਸਿੰਘ ਮਾਨ ਦਾ ਕਹਿਣਾ ਹੈ ਕਿ ਮਾਮਲਾ ਘਰੇਲੂ ਲੜਾਈ ਦਾ ਹੈ ਜਿਸ ਵਿਚ ਜਸਵਿੰਦਰ ਸਿੰਘ ਜ਼ਖ਼ਮੀ ਹੋ ਗਿਆ ਤੇ ਅਗਲੇਰੀ ਕਰਵਾਈ ਬਿਆਨ ਲੈਣ ਤੋਂ ਬਾਅਦ ਹੀ ਕੀਤੀ ਜਾਵੇਗੀ।