ਰਾਜਿੰਦਰ ਵਰਮਾ
ਭਦੌੜ, 8 ਜੂਨ
ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਜਿੱਥੇ ਪੰਜਾਬ ਸਰਕਾਰ ਦੇ ਮਿੱਥੀ ਤਰੀਕ ਤੋਂ ਪਹਿਲਾਂ ਝੋਨਾ ਲਾਉਣ ਦੇ ਹੁਕਮਾਂ ਨੂੰ ਟਿੱਚ ਜਾਣਦੇ ਹਨ ਉੱਥੇ ਖੇਤੀਬਾੜੀ ਵਿਭਾਗ ਵੀ ਘੂਕ ਸੁੱਤਾ ਪਿਆ ਜਾਪਦਾ ਹੈ। ਪੰੰਜਾਬ ਸਰਕਾਰ ਵੱਲੋਂ ਝੋਨਾ ਲਾਉਣ ਦੀ ਤਰੀਕ 18 ਜੂਨ ਮਿਥੀ ਹੋਈ ਹੈ ਪਰ ਸ਼੍ਰੋਮਣੀ ਕਮੇਟੀ ਵੱਲੋਂ ਆਪਣੀ ਮਾਲਕੀ ਦੇ ਕਸਬੇ ਵਿਚਲੀ ਜ਼ਮੀਨ ਵਿੱਚ 6 ਜੂਨ ਤੋਂ ਹੀ ਕੱਦੂ ਕਰਕੇ 6 ਏਕੜ ਜ਼ਮੀਨ ਵਿੱਚ ਝੋਨਾ ਲਗਾ ਦਿੱਤਾ ਗਿਆ ਹੈ। ਜੋ ਕਿ ਹਾਲੇ ਤੱਕ ਖੇਤੀਬਾੜੀ ਮਹਿਕਮੇ ਦੇ ਅਧਿਕਾਰੀਆਂ ਦੇ ਨਜ਼ਰੀਂ ਨਹੀਂ ਪਿਆ ਜਿਸ ਨੂੰ ਲੈ ਕੇ ਆਮ ਕਿਸਾਨਾਂ ਦਾ ਕਹਿਣਾ ਹੈ ਕਿ ਜੇਕਰ ਉਨ੍ਹਾਂ ਵੱਲੋਂ 10 ਜਾਂ 12 ਜੂਨ ਨੂੰ ਝੋਨਾ ਲਗਾਇਆ ਜਾਂਦਾ ਹੈ ਤਾਂ ਖੇਤੀਬਾੜੀ ਵਿਭਾਗ ਝੋਨੇ ’ਤੇ ਟਰੈਕਟਰ ਚਲਾ ਦਿੰਦਾ ਹੈ, ਜਦਕਿ ਇੱਥੇ ਕੋਈ ਵੀ ਕਾਰਵਾਈ ਕਰਨੀ ਮੁਨਾਸਬਿ ਨਹੀਂ ਸਮਝੀ ਗਈ। ਇਸ ਬਾਰੇ ਜਦੋਂ ਗੁਰਦੁਆਰਾ ਪਾਤਸ਼ਾਹੀ ਦਸਵੀਂ ਦੇ ਮੈਨੇਜਰ ਬਲਦੇਵ ਸਿੰਘ ਬਾਠ ਨੂੰ ਝੋਨਾ ਲਗਾਉਣ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਝੋਨਾ ਲਗਾਉਣਾ ਬੰਦ ਕਰ ਦਿੱਤਾ ਹੈ ਪਰ ਉਹ ਅਗੇਤਾ ਝੋਨਾ ਲਗਾਉਣ ਬਾਰੇ ਚੁੱਪ ਵੱਟ ਗਏ। ਜਦੋਂ ਇਸ ਬਾਰੇ ਖੇਤੀਬਾੜੀ ਵਿਭਾਗ ਦੇ ਏਡੀਓ ਸੁਖਦੀਪ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਾਨੂੰ ਹੁਣੇ ਪਤਾ ਲੱਗਾ ਹੈ ਉਨ੍ਹਾਂ ਨੂੰ ਕਹਿ ਕੇ ਝੋਨਾ ਲਗਾਉਣਾ ਬੰਦ ਕਰਵਾ ਰਹੇ ਹਾਂ ਬਾਕੀ ਸਵੇਰੇ ਮੌਕਾ ਦੇਖ ਕੇ ਕਾਰਵਾਈ ਕੀਤੀ ਜਾਵੇਗੀ।