ਜਸਵੰਤ ਜੱਸ
ਫਰੀਦਕੋਟ, 13 ਜਨਵਰੀ
ਪ੍ਰਸ਼ਾਸਨ ਵੱਲੋਂ ਕਰੋਨਾ ਸਬੰਧੀ ਲਗਾਈਆਂ ਪਾਬੰਦੀਆਂ ਕਾਰਨ ਲੋਹੜੀ ਦਾ ਤਿਉਹਾਰ ਜ਼ਿਲ੍ਹੇ ਭਰ ਵਿੱਚ ਮੱਠਾ ਹੀ ਰਿਹਾ। ਲੋਹੜੀ ਵਾਲੇ ਦਿਨ ਜ਼ਿਲ੍ਹਾ ਭਰ ਵਿੱਚ ਸਰਕਾਰੀ ਅਤੇ ਗੈਰ ਸਰਕਾਰੀ ਸੰਸਥਾਵਾਂ ਵੱਲੋਂ ਦੋ ਦਰਜਨ ਤੋਂ ਵੱਧ ਸਮਾਗਮ ਰੱਖੇ ਗਏ ਸਨ, ਜੋ ਰੱਦ ਹੋ ਗਏ। ਜ਼ਿਲ੍ਹਾ ਬਾਰ ਐਸੋਸੀਏਸ਼ਨ ਵਿੱਚ ਲੋਹੜੀ ਦਾ ਤਿਉਹਾਰ ਮਨਾਉਣ ਲਈ ਸਮਾਗਮ ਕੀਤਾ ਜਾਣਾ ਸੀ, ਪਰੰਤੂ ਇਹ ਸਮਾਗਮ ਕਰੋਨਾ ਪਾਬੰਦੀਆਂ ਕਾਰਨ ਨਹੀਂ ਕਰਵਾਇਆ ਗਿਆ। ਬਹੁਤ ਸਾਰੇ ਕਾਲਜਾਂ ਅਤੇ ਸਕੂਲਾਂ ਵਿੱਚ ਵੀ ਲੋਹੜੀ ਦਾ ਤਿਉਹਾਰ ਮਨਾਇਆ ਜਾਣਾ ਸੀ ਅਤੇ ਵੱਖ-ਵੱਖ ਵੰਨਗੀਆਂ ਦੇ ਪ੍ਰੋਗਰਾਮ ਰੱਖੇ ਗਏ ਸਨ ਪ੍ਰੰਤੂ ਸਕੂਲਾਂ ਅਤੇ ਕਾਲਜਾਂ ਵਿੱਚ ਵਿਦਿਆਰਥੀ ਨਾ ਹੋਣ ਕਰਕੇ ਇਹ ਸਮਾਗਮ ਵੀ ਨਹੀਂ ਹੋ ਸਕੇ। ਹਾਲਾਂਕਿ ਕੁਝ ਸਕੂਲਾਂ ਵਿੱਚ ਸਕੂਲ ਸਟਾਫ਼ ਨੇ ਰਸਮੀ ਤੌਰ ’ਤੇ ਲੋਹੜੀ ਦਾ ਤਿਉਹਾਰ ਮਨਾਇਆ। ਫ਼ਰੀਦਕੋਟ ਜ਼ਿਲ੍ਹੇ ਵਿੱਚ ਕਰੋਨਾ ਦੇ 400 ਤੋਂ ਵੱਧ ਮਾਮਲੇ ਸਾਹਮਣੇ ਆਏ ਹਨ ਜਿਸ ਕਰਕੇ ਲੋਕ ਦਹਿਸ਼ਤ ਵਿੱਚ ਹਨ ਅਤੇ ਉਹ ਸਮਾਗਮ ਵਿੱਚ ਜਾਣ ਦੀ ਥਾਂ ਘਰ ਰਹਿਣ ਨੂੰ ਹੀ ਤਰਜੀਹ ਦੇ ਰਹੇ ਹਨ। ਨਗਰ ਕੌਂਸਲ ਦੇ ਪ੍ਰਧਾਨ ਨਰਿੰਦਰਪਾਲ ਸਿੰਘ ਨਿੰਦਾ ਨੇ ਕਿਹਾ ਕਿ ਜੂਨ ਅਤੇ ਜੁਲਾਈ 2021 ਵਿੱਚ ਕਰੋਨਾ ਮਹਾਂਮਾਰੀ ਕਾਰਨ ਫ਼ਰੀਦਕੋਟ ਜ਼ਿਲ੍ਹੇ ਵਿੱਚ 321 ਵਿਅਕਤੀਆਂ ਦੀ ਮੌਤ ਹੋਈ ਸੀ। ਇਸ ਕਰਕੇ ਬਹੁਤ ਸਾਰੇ ਰਿਹਾਇਸ਼ੀ ਇਲਾਕਿਆਂ ਵਿੱਚ ਵੀ ਰਾਤ ਸਮੇਂ ਲੋਹੜੀ ਦਾ ਸਮਾਗਮ ਨਹੀਂ ਕਰਵਾਇਆ ਜਾ ਰਿਹਾ। ਦਵਿੰਦਰ ਸਿੰਘ ਬੁਗਰਾ ਨੇ ਕਿਹਾ ਕਿ ਕਰੋਨਾ ਅਤੇ ਇਸ ਦੀਆਂ ਪਾਬੰਦੀਆਂ ਕਾਰਨ ਸ਼ਹਿਰ ਵਿੱਚ ਵੀ ਲੋਹੜੀ ਦੇ ਤਿਉਹਾਰ ‘ਤੇ ਪਹਿਲਾਂ ਵਰਗੀਆਂ ਰੌਣਕਾਂ ਦੇਖਣ ਨੂੰ ਨਹੀਂ ਮਿਲੀਆਂ। ਡਿਪਟੀ ਕਮਿਸ਼ਨਰ ਹਰਬੀਰ ਸਿੰਘ ਨੇ ਕਿਹਾ ਕਿ ਲੋਕਾਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ 15 ਜਨਵਰੀ ਤੱਕ ਪਾਬੰਦੀਆਂ ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾਵੇਗਾ।