ਇਕਬਾਲ ਸ਼ਾਂਤ
ਡੱਬਵਾਲੀ, 3 ਜੂਨ
ਸਿਟੀ ਪੁਲੀਸ ਨੇ ਅੱਜ ਦੇਰ ਸ਼ਾਮ 16 ਗਊਆਂ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਤੋਂ ਮੇਵਾਤ ਬੁੱਚੜਖਾਨੇ ਲਿਜਾ ਰਹੇ ਟਰੱਕ ਨੂੰ ਗਊ ਰੱਖਿਆ ਸੇਵਾ ਦਲ ਸਿਰਸਾ ਦੀ ਮੱਦਦ ਨਾਲ ਕਾਬੂ ਕਰ ਲਿਆ। ਟਰੱਕ ਵਿੱਚ 5 ਗਊਆਂ ਅਤੇ 11 ਸਾਨ੍ਹ/ਬਛੜੇ ਲੱਦੇ ਹੋਏ ਸਨ। ਟਰੱਕ ਚਾਲਕ ਨੇ ਗਊ ਰੱਖਿਆ ਸੇਵਾ ਦਲ ਦੇ ਕਾਰਕੁਨਾਂ ਤੋਂ ਬਚਣ ਦੇ ਚੱਕਰ ਵਿੱਚ ਡੱਬਵਾਲੀ ਵਿੱਚ ਸੜਕ ਕੰਢੇ ਖੜੇ ਮੋਟਰਸਾਈਕਲ ਨੂੰ ਦਰੜ ਦਿੱਤਾ।
ਬਠਿੰਡਾ ਵਾਸੀ ਗਊ ਰੱਖਿਆ ਸੇਵਾ ਦਲ ਦੇ ਮੈਂਬਰ ਪ੍ਰਮੋਦ ਤਾਇਲ ਨੇ ਦੱਸਿਆ ਕਿ ਉਨ੍ਹਾਂ ਨੂੰ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਇੱਕ ਪਿੰਡ ਤੋਂ ਗਊਆਂ ਦੀ ਤਸਕਰੀ ਦੀ ਸੂਚਨਾ ਮਿਲੀ ਸੀ। ਉਨ੍ਹਾਂ ਨੇ ਟਰੱਕ ਦਾ ਪਿੱਛਾ ਕਰ ਕੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਉਹ ਰੁਕਿਆ ਨਹੀਂ। ਡੱਬਵਾਲੀ ਪਹੁੰਚਣ ’ਤੇ ਟਰੱਕ ਡਰਾਈਵਰ ਨੇ ਸੜਕ ਕੰਢੇ ਖੜ੍ਹੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਇਸ ਦੇ ਬਾਅਦ ਟਰੱਕ ਅਤੇ ਡਰਾਈਵਰ ਨੂੰ ਕਾਬੂ ਕਰਕੇ ਪੁਲੀਸ ਨੂੰ ਸੌਂਪ ਦਿੱਤਾ ਗਿਆ।
ਸਿਟੀ ਪੁਲਿਸ ਦੇ ਮੁਖੀ ਸੱਤਿਆਵਾਨ ਨੇ ਦੱਸਿਆ ਕਿ ਪਸ਼ੂਆਂ ਦਾ ਮੈਡੀਕਲ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਟਰੱਕ ਦੇ ਇੱਕ ਜਣੇ ਨੂੰ ਕਾਬੂ ਕਰ ਲਿਆ ਗਿਆ, ਜਦੋਂ ਕਿ ਡਰਾਈਵਰ ਫ਼ਰਾਰ ਹੋ ਗਿਆ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਖਿਲਾਫ਼ ਪਸ਼ੂ ਕਰੂਰਤਾ ਐਕਟ ਅਤੇ ਸੜਕ ਹਾਦਸੇ ਦੀਆਂ ਧਾਰਾਵਾਂ ਤਹਿਤ ਕਾਨੂੰਨੀ ਅਮਲ ਵਿੱਚ ਲਿਆਂਦੀ ਜਾਵੇਗੀ। ਗਊਆਂ ਨੂੰ ਗਊਸ਼ਾਲਾ ਵਿੱਚ ਭੇਜ ਦਿੱਤਾ ਗਿਆ ਹੈ।