ਟ੍ਰਿਬਿਊਨ ਨਿਊਜ਼ ਸਰਵਿਸ
ਕੋਟਕਪੂਰਾ, 23 ਜੁਲਾਈ
ਨਗਰ ਕੌਂਸਲ ਕੋਟਕਪੂਰਾ ’ਚ ਆਪਸੀ ਖਿੱਚੋਤਾਣ ਇਸ ਸਮੇੇਂ ਸਿਖ਼ਰ ’ਤੇ ਚੱਲ ਰਹੀ ਹੈ। ਲੰਘੇ ਤਿੰਨ ਦਿਨ ਪਹਿਲਾਂ ਹਾਈ ਕੋਰਟ ਦੇ ਆਦੇਸ਼ ’ਤੇ ਕੌਂਸਲ ਪ੍ਰਧਾਨ ਦੀ ਚੋਣ ਹੋਣ ’ਤੇ ਅਜੈਪਾਲ ਸੰਧੂ ਧੜੇ ਦੇ ਭੁਪਿੰਦਰ ਸਿੰਘ ਸੱਗੂ ਦੇ ਪ੍ਰਧਾਨ ਚੁਣੇ ਜਾਣ ਮਗਰੋਂ ਵਿਵਾਦ ਖ਼ਤਮ ਹੋਇਆ ਜਾਪ ਰਿਹਾ ਸੀ। ਦੂਜੇ ਪਾਸੇ ਅੱਜ ਰਾਹੁਲ ਸਿੱਧੂ ਧੜੇ ਦੇ ਸੀਨੀਅਰ ਵਾਈਸ ਪ੍ਰਧਾਨ ਸਵਤੰਤਰ ਕੁਮਾਰ ਜੋਸ਼ੀ ਵੱਲੋਂ ਆਪਣੇ ਦਫ਼ਤਰ ਵਿੱਚ ਪ੍ਰੈੱਸ ਕਾਨਫਰੰਸ ਬੁਲਾ ਕੇ ਦੋਸ਼ ਲਾਇਆ ਗਿਆ ਕਿ ਮੌਜੂਦਾ ਪ੍ਰਧਾਨ ਦੀ ਕਥਿਤ ਸ਼ਹਿ ’ਤੇ ਉਨ੍ਹਾਂ ਦੇ ਦਫ਼ਤਰ ਦੇ ਬਾਹਰੋਂ ਉਨ੍ਹਾਂ ਦੇ ਆਪਣੇ ਨਾਂ ਦੀ ਤਖ਼ਤੀ ਪੁੱਟ ਦਿੱਤੀ ਗਈ ਤੇ ਉਨ੍ਹਾਂ ਨੂੰ ਨਗਰ ਕੌਂਸਲ ਦੀ ਸਰਕਾਰੀ ਗੱਡੀ ਵੀ ਵਰਤੋਂ ਕਰਨ ਲਈ ਨਹੀਂ ਦਿੱਤੀ ਜਾ ਰਹੀ।
ਆਪਣੇ ਦਫ਼ਤਰ ਵਿੱਚ ਮੀਡੀਆ ਨੂੰ ਸੰਬੋਧਨ ਕਰਦਿਆਂ ਸ਼੍ਰੀ ਜੋਸ਼ੀ ਨੇ ਦੱਸਿਆ ਕਿ ਉਹ ਸਵੇਰੇ ਆਪਣੇ ਦਫ਼ਤਰ ਵਿੱਚ ਆਏ ਸਨ ਉਦੋਂ ਉਨ੍ਹਾਂ ਦੇ ਨਾਂ ਦੀ ਤਖ਼ਤੀ ਦਫ਼ਤਰ ਦੇ ਬਾਹਰ ਲੱਗੀ ਹੋਈ ਸੀ। ਇਸ ਦੌਰਾਨ ਉਨ੍ਹਾਂ ਨੂੰ ਸ਼ਿਕਾਇਤ ਮਿਲੀ ਕਿ ਚੋਪੜਿਆਂ ਵਾਲੇ ਬਾਗ਼ ਵਿੱਚ ਦੂਸ਼ਿਤ ਪਾਣੀ ਦੀ ਨਿਕਾਸੀ ਨਾ ਹੋਣ ਦੀ ਸਮੱਸਿਆ ਚੱਲ ਰਹੀ ਹੈ। ਉਹ ਜਲ ਬੋਰਡ ਤੇ ਸੀਵਰੇਜ ਬੋਰਡ ਦੇ ਡਾਇਰੈਕਟਰ ਸੁਰਜੀਤ ਸਿੰਘ ਢਿੱਲੋਂ ਨੂੰ ਨਾਲ ਲੈ ਕੇ ਮੌਕੇ ’ਤੇ ਗਏ ਸਨ। ਮਗਰੋਂ ਉਨ੍ਹਾਂ ਡਰਾਈਵਰ ਨੂੰ ਫ਼ੋਨ ਕਰਕੇ ਗੱਡੀ ਮੌਕੇ ’ਤੇ ਮੰਗਵਾਈ ਪ੍ਰੰਤੂ ਡਰਾਈਵਰ ਨੇ ਕਿਹਾ ਕਿ ਉਹ ਹੁਣ ਗੱਡੀ ਦੀ ਵਰਤੋਂ ਨਹੀਂ ਕਰ ਸਕਦੇ। ਉਨ੍ਹਾਂ ਆਖਿਆ ਕਿ ਦਫ਼ਤਰ ਦੇ ਸੀਸੀਟੀਵੀ ਕੈਮਰੇ ਤੋਂ ਉਨ੍ਹਾਂ ਨੂੰ ਪਤਾ ਲੱਗ ਗਿਆ ਕਿ ਉਨ੍ਹਾਂ ਦੇ ਨਾਂ ਵਾਲੀ ਤਖ਼ਤੀ ਕਿਸ ਕੌਂਸਲਰ ਨੇ ਪੁੱਟੀ ਹੈ। ਸ੍ਰੀ ਜੋਸ਼ੀ ਨੇ ਇਸ ਸਬੰਧੀ ਥਾਣਾ ਸਿਟੀ ਕੋਟਕਪੂਰਾ ਵਿਖੇ ਲਿਖਤੀ ਸ਼ਿਕਾਇਤ ਦਰਜ ਕਰਵਾਈ ਹੈ।