ਜਸਵੰਤ ਜੱਸ
ਫਰੀਦਕੋਟ, 1 ਅਗਸਤ
ਜ਼ਿਲ੍ਹੇ ਦਾ ਇਕਲੌਤਾ ਮਿਨੀ ਸਕੱਤਰੇਤ ਅਵਾਰਾ ਪਸ਼ੂਆਂ ਦੀ ਪਸੰਦੀਦੀ ਚਰਾਂਦ ਬਣ ਗਿਆ ਹੈ ਜਦੋਂ ਕਿ ਸਕੱਤਰੇਤ ਦੇ ਇਕ ਹਿੱਸੇ ਨੂੰ ਢਾਬਿਆਂ, ਦੁਕਾਨਦਾਰਾਂ ਅਤੇ ਆਸ-ਪਾਸ ਦੀਆਂ ਕਲੋਨੀਆਂ ’ਚ ਰਹਿਣ ਵਾਲੇ ਲੋਕਾਂ ਨੇ ਰੂੜੀ ਵਜੋਂ ਵਰਤਣਾ ਸ਼ੁਰੂ ਕਰ ਦਿੱਤਾ ਹੈ।
ਫ਼ਰੀਦਕੋਟ ਦਾ ਸਕੱਤਰੇਤ ’ਚ ਡਿਪਟੀ ਕਮਿਸ਼ਨਰ, ਜ਼ਿਲ੍ਹਾ ਪੁਲੀਸ ਮੁਖੀ ਸਮੇਤ 40 ਉੱਚ ਸਿਵਲ ਅਤੇ ਪੁਲੀਸ ਪ੍ਰਸ਼ਾਸਨਕ ਅਧਿਕਾਰੀਆਂ ਦੇ ਦਫਤਰ ਹਨ। ਇਸ ਦੇ ਬਾਵਜੂਦ ਸਕੱਤਰੇਤ ਦੀ ਸਾਫ਼ ਸਫ਼ਾਈ ਅਤੇ ਸਾਂਭ-ਸੰਭਾਲ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ। ਪਿਛਲੇ ਹਫ਼ਤੇ ਹੀ ਸਕੱਤਰੇਤ ਦੇ ਅਸ਼ੋਕਾ ਹਾਲ ਵਿੱਚ ਸ਼ਹਿਰ ਨੂੰ ਸਾਫ ਸੁਥਰਾ ਰੱਖਣ ਲਈ ਵਿਉਂਤਬੰਦੀ ਕਰਨ ਲਈ ਉੱਚ ਪੱਧਰੀ ਮੀਟਿੰਗ ਕੀਤੀ ਗਈ ਸੀ ਜਿੱਥੇ ਪ੍ਰਸ਼ਾਸਨ ਨੇ ਜ਼ਿਲ੍ਹੇ ਭਰ ਦੀਆਂ ਨਗਰ ਕੌਂਸਲਾਂ ਅਤੇ ਹੋਰ ਅਧਿਕਾਰੀਆਂ ਨੂੰ ਸਾਫ ਸਫਾਈ ਰੱਖਣ ਦੇ ਆਦੇਸ਼ ਦਿੱਤੇ ਸਨ ਪ੍ਰੰਤੂ ਇਸ ਸਕੱਤਰੇਤ ਵਿੱਚ ਰਹਿੰਦੇ ਅਧਿਕਾਰੀਆਂ ਨੇ ਆਪਣੇ ਦਫ਼ਤਰ ਦੀ ਸਾਫ਼ ਸਫ਼ਾਈ ਵੱਲ ਕੋਈ ਧਿਆਨ ਨਹੀਂ ਦਿੱਤਾ।
ਸਕੱਤਰੇਤ ਸਾਹਮਣੇ ਆਮ ਲੋਕਾਂ ਲਈ ਬਣਾਏ ਗਏ ਪਾਰਕ ਵਿੱਚ ਗਾਜਰ ਬੂਟੀ ਉੱਗੀ ਹੋਈ ਹੈ ਅਤੇ ਇੱਥੇ ਲਾਏ ਮਹਿੰਗੇ ਰੁੱਖ ਸੰਭਾਲ ਨਾ ਹੋਣ ਕਾਰਨ ਸੁੱਕ ਗਏ ਹਨ। ਹਾਲਾਂਕਿ ਪ੍ਰਸ਼ਾਸਨ, ਸਕੱਤਰੇਤ ਦੀ ਸੜਕ ਉਪਰ ਅਣ-ਅਧਿਕਾਰਤ ਟੌਲ ਪਲਾਜ਼ਾ ਲਾ ਕੇ ਲੱਖਾਂ ਰੁਪਏ ਕਮਾ ਰਿਹਾ ਹੈ ਪ੍ਰੰਤੂ ਸਕੱਤਰੇਤ ਦੀ ਸਫ਼ਾਈ ਲਈ ਕੋਈ ਪੈਸਾ ਨਹੀਂ ਖਰਚਿਆ ਜਾ ਰਿਹਾ। ਡਿਪਟੀ ਕਮਿਸ਼ਨਰ ਵਿਮਲ ਕੁਮਾਰ ਸੇਤੀਆ ਨੇ ਕਿਹਾ ਕਿ ਮਿਨੀ ਸਕੱਤਰੇਤ ਦੀ ਸਾਫ਼ ਸਫ਼ਾਈ ਲਈ ਜਲਦ ਹੀ ਮਾਸਟਰ ਪਲਾਨ ਤਿਆਰ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਕੱਤਰੇਤ ਦੇ ਪਾਰਕਾਂ ਦੀ ਸਫਾਈ ਕੀਤੀ ਜਾਵੇਗੀ ਅਤੇ ਇਸ ਵਿਚਲੀਆਂ ਘਾਟਾਂ ਨੂੰ ਵੀ ਬਿਨਾਂ ਦੇਰੀ ਪੂਰਾ ਕੀਤਾ ਜਾ ਰਿਹਾ ਹੈ।
ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਗੁਰਦਿੱਤ ਸਿੰਘ ਸੇਖੋਂ ਨੇ ਕਿਹਾ ਕਿ ਸਕੱਤਰੇਤ ਦੇ ਹਾਲਾਤ ਤੋਂ ਸਪੱਸ਼ਟ ਹੁੰਦਾ ਹੈ ਕਿ ਜ਼ਿਲ੍ਹੇ ਵਿੱਚ ਪ੍ਰਸ਼ਾਸਨ ਨਾਂ ਦੀ ਕੋਈ ਚੀਜ਼ ਨਹੀਂ ਹੈ।
ਉਨ੍ਹਾਂ ਦੋਸ਼ ਲਾਇਆ ਕਿ ਜ਼ਿਲ੍ਹਾ ਪ੍ਰਸ਼ਾਸਨ ਆਪਣੇ ਸਕੱਤਰੇਤ ਨੂੰ ਸਾਫ਼ ਨਹੀਂ ਰੱਖ ਸਕਦਾ, ਉਹ ਸ਼ਹਿਰ ਦੇ ਬਾਕੀ ਪਾਰਕਾਂ, ਜਨਤਕ ਥਾਵਾਂ ਅਤੇ ਰਿਹਾਇਸ਼ੀ ਕਲੋਨੀਆਂ ਨੂੰ ਸਾਫ਼ ਰੱਖਣ ਲਈ ਕੀ ਯੋਗਦਾਨ ਪਾ ਸਕਦਾ ਹੈ।