ਜੋਗਿੰਦਰ ਸਿੰਘ ਮਾਨ
ਮਾਨਸਾ, 15 ਅਕਤੂਬਰ
ਪੰਜਾਬ ਵਿੱਚ ਕਈ ਦਿਨਾਂ ਤੋਂ ਕੋਇਲੇ ਦੀ ਸਪਲਾਈ ਬਾਹਰੋਂ ਆਉਣ ਦੇ ਬਾਵਜੂਦ ਭਾਵੇਂ ਰਾਜ ਵਿੱਚ ਬਿਜਲੀ ਦਾ ਸੰਕਟ ਅਜੇ ਵੀ ਬਣਿਆ ਹੋਇਆ ਹੈ, ਪਰ ਸੂਬੇ ਵਿਚਲੇ ਤਾਪ ਘਰਾਂ ਨੇ ਬਿਜਲੀ ਪੈਦਾਵਾਰ ਵਿੱਚ ਸੁਧਾਰ ਲਿਆਉਣ ਦਾ ਉਪਰਾਲਾ ਕੀਤਾ ਹੈ। ਬਣਾਂਵਾਲਾ ਥਰਮਲ ਪਲਾਂਟ ਦੇ ਦੋ ਯੂਨਿਟਾਂ ਵੱਲੋਂ ਅੱਜ 1064 ਮੈਗਾਵਾਟ ਬਿਜਲੀ ਸਪਲਾਈ ਉੱਤਰੀ ਗਰਿੱਡ ਨੂੰ ਕੀਤੀ ਗਈ ਹੈ, ਜਦੋਂ ਕਿ ਕਈ ਹੋਰ ਤਾਪ ਘਰਾਂ ਵੱਲੋਂ ਕੱਲ੍ਹ ਨਾਲੋਂ ਬਿਜਲੀ ਪੈਦਾਵਾਰ ਕਰਨ ਵਿੱਚ ਕਟੌਤੀ ਸਾਹਮਣੇ ਆਈ ਹੈ। ਉਧਰ ਦਸਹਿਰੇ ਦਾ ਤਿਉਹਾਰ ਹੋਣ ਕਾਰਨ ਬਿਜਲੀ ਦੀ ਲੋੜ ਵੱਧਣ ਦੇ ਬਾਵਜੂਦ ਕਿੱਧਰੇ ਵੀ ਕੱਟ ਨਾ ਲੱਗਣ ਦੀ ਜਾਣਕਾਰੀ ਮਿਲੀ ਹੈ।
ਤਲਵੰਡੀ ਸਾਬੋ ਪਾਵਰ ਲਿਮਟਿਡ ਦੇ ਪ੍ਰਬੰਧਕਾਂ ਪਾਸੋਂ ਮਿਲੀ ਜਾਣਕਾਰੀ ਤੋਂ ਪਤਾ ਲੱਗਿਆ ਹੈ ਕਿ ਕੋਇਲੇ ਦੀ ਸਪਲਾਈ ਲਗਪਗ ਹਰ ਰੋਜ਼ ਹੋਣ ਲੱਗੀ ਹੈ, ਜਿਸ ਕਾਰਨ ਤਾਪ ਘਰ ਦੇ ਇੱਕ ਤੋਂ ਬਾਅਦ ਦੂਸਰੇ ਯੂਨਿਟ ਨੂੰ ਵੀ ਅੱਜ ਲੋੜ ਅਨੁਸਾਰ ਚਾਲੂ ਕੀਤਾ ਗਿਆ ਹੈ। ਉਂਝ ਪ੍ਰਬੰਧਕਾਂ ਮੁਤਾਬਕ ਟੈਕਨੀਕਲ ਪੱਖੋਂ ਤਾਪ ਘਰ ਦੇ ਤਿੰਨੋਂ ਯੂਨਿਟ ਇਸ ਵੇਲੇ ਕੰਮ ਕਰਨ ਦੀ ਸਮਰੱਥਾ ਵਿੱਚ ਹਨ।
ਇਸੇ ਦੌਰਾਨ ਪੀਐਸਪੀਸੀਐਲ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਲਹਿਰਾ ਮੁਹੱਬਤ ਦੇ ਜੀਐਚਟੀਪੀ ਤਾਪ ਘਰ ਵੱਲੋਂ ਯੂਨਿਟ ਨੰਬਰ-1 162, ਯੂਨਿਟ-4 ਵੱਲੋਂ 185 ਮੈਗਾਵਾਟ ਬਿਜਲੀ ਪੈਦਾਵਾਰ ਕੀਤੀ ਜਾ ਰਹੀ ਹੈ। ਇਹ ਤਾਪਘਰ ਕੁੱਲ 347 ਮੈਗਾਵਾਟ ਬਿਜਲੀ ਸਪਲਾਈ ਕਰ ਰਿਹਾ ਹੈ, ਜਦੋਂ ਕਿ ਇਸ ਦਾ ਯੂਨਿਟ ਨੰ:2 ਤੇ 3 ਬਿਲਕੁਲ ਬੰਦ ਹੈ। ਇਸੇ ਤਰ੍ਹਾਂ ਰੋਪੜ ਦੇ ਜੀਜੀਐਸਐਸਟੀਪੀ ਤਾਪ ਘਰ ਦਾ ਦੋ ਯੂਨਿਟ ਬੰਦ ਹੈ, ਜਦੋਂ ਕਿ 2, 3 ਨੰਬਰ ਯੂਨਿਟਾਂ ਵੱਲੋਂ 337 ਮੈਗਾਵਾਟ ਬਿਜਲੀ ਸਪਲਾਈ ਕੀਤੀ ਜਾ ਰਹੀ ਹੈ। ਰਾਜਪੁਰਾ ਦੇ ਐਲ ਐਂਡ ਟੀ ਤਾਪਘਰ ਵੱਲੋਂ 1092 ਮੈਗਾਵਾਟ ਬਿਜਲੀ ਸਪਲਾਈ ਕੀਤੀ ਗਈ ਹੈ, ਜਦੋਂ ਕਿ ਜੀਵੀਕੇ ਗੋਬਿੰਦਵਾਲ ਤਾਪ ਘਰ ਦੇ ਦੋਨੋਂ ਯੂਨਿਟ 303 ਮੈਗਾਵਾਟ ਬਿਜਲੀ ਪੈਦਾ ਕੀਤੀ ਜਾ ਰਹੀ ਹੈ। ਇਸੇ ਤਰ੍ਹਾਂ ਹਾਈਡਰੋ ਪਾਵਰ ਸਟੇਸ਼ਨਾਂ ਤੋਂ 266 ਮੈਗਾਵਾਟ ਬਿਜਲੀ ਹਾਸਲ ਕੀਤੀ ਜਾ ਰਹੀ ਹੈ। ਅੱਜ ਦੁਸਹਿਰੇ ਦੇ ਕੌਮੀ ਤਿਉਹਾਰ ਵਾਲੇ ਦਿਨ ਬੇਸ਼ੱਕ ਕੁੱਝ ਤਲਵੰਡੀ ਸਾਬੋ ਪਾਵਰ ਲਿਮਟਿਡ ਨੂੰ ਛੱਡਕੇ ਬਾਕੀ ਤਾਪ ਘਰਾਂ ਵੱਲੋਂ ਕੱਲ੍ਹ ਨਾਲੋਂ ਥੋੜੀ ਘੱਟ ਬਿਜਲੀ ਪੈਦਾਵਾਰ ਕੀਤੀ ਗਈ ਹੈ, ਪਰ ਇਸੇ ਬਾਵਜੂਦ ਪੇਂਡੂ ਅਤੇ ਸ਼ਹਿਰੀ ਹਲਕਿਆਂ ਵਿੱਚ ਬਿਜਲੀ ਕੱਟ ਨਹੀਂ ਲੱਗੇ, ਜਿਸ ਨਾਲ ਆਮ ਲੋਕਾਂ ਨੇ ਸੁੱਖ ਦਾ ਸਾਹ ਲਿਆ ਹੈ।