ਮਾਨਸਾ (ਜੋਗਿੰਦਰ ਸਿੰਘ ਮਾਨ): ਮਾਨਸਾ ਨੇੜਲੇ ਪਿੰਡ ਬਣਾਂਵਾਲਾ ਵਿੱਚ ਪ੍ਰਾਈਵੇਟ ਭਾਈਵਾਲੀ ਤਹਿਤ ਲੱਗੇ ਉੱਤਰੀ ਭਾਰਤ ਦੇ ਸਭ ਤੋਂ ਵੱਡੇ ਤਾਪਘਰ ਤਲਵੰਡੀ ਸਾਬੋ ਪਾਵਰ ਲਿਮਟਿਡ ਨੇ ਆਪਣੇ ਦੂਸਰੇ ਯੂਨਿਟ ਨੂੰ ਲਾਈਨ ਅੱਪ ਕਰ ਦਿੱਤਾ, ਜਿਸ ਦੇ ਅੱਧੀ ਰਾਤ ਤੋਂ ਬਾਅਦ ਬਿਜਲੀ ਉਤਪਾਦਨ ਕਰਨ ਦੀ ਉਮੀਦ ਬਣ ਗਈ ਹੈ। ਇਸ ਤੋਂ ਪਹਿਲਾਂ ਇਸ ਤਾਪ ਘਰ ਦੇ ਪਹਿਲੇ ਯੂਨਿਟ ਕੱਲ੍ਹ ਚਾਲੂ ਕਰ ਦਿੱਤੇ ਸਨ। ਹੁਣ ਦੂਸਰੇ ਯੂਨਿਟ ਦੇ ਚਾਲੂ ਹੋਣ ਨਾਲ ਪੰਜਾਬ ਨੂੰ ਲੋੜੀਂਦੀ ਬਿਜਲੀ ਨਾਲੋਂ ਵਾਧੂ ਬਿਜਲੀ ਪੈਦਾ ਹੋਣ ਦੀ ਆਸ ਬੱਝ ਗਈ ਹੈ। ਪ੍ਰਬੰਧਕਾਂ ਅਨੁਸਾਰ ਜੇਕਰ ਲੋੜ ਪਈ ਤਾਂ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀਐਸਪੀਸੀਐਲ) ਦੀ ਆਗਿਆ ਨਾਲ ਭਲਕੇ ਤੀਸਰੇ ਯੂਨਿਟ ਨੂੰ ਚਾਲੂ ਕੀਤਾ ਜਾ ਸਕਦਾ ਹੈ।