ਪੱਤਰ ਪ੍ਰੇਰਕ
ਸ਼ਹਿਣਾ, 8 ਜਨਵਰੀ
ਕੇਂਦਰ ਦੀ ਮੋਦੀ ਸਰਕਾਰ ਵੱਲੋਂ ਲਿਆਂਦੇ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਦਾ ਰੋਸ ਦਿਨੋਂ ਦਿਨ ਵਧਦਾ ਜਾ ਰਿਹਾ ਹੈ। ਅੱਜ ਗ੍ਰਾਮ ਪੰਚਾਇਤ ਸ਼ਹਿਣਾ ਦਾ ਦੂਸਰਾ ਵੱਡਾ ਕਾਫਲਾ ਸਰਪੰਚ ਮਲਕੀਤ ਕੌਰ ਕਲਕੱਤਾ ਦੀ ਅਗਵਾਈ ਹੇਠ ਦਿੱਲੀ ਸੰਘਰਸ਼ ’ਚ ਭਾਗ ਲੈਣ ਲਈ ਰਵਾਨਾ ਹੋਣਗੇ। ਜਾਣਕਾਰੀ ਦਿੰਦਿਆਂ ਸਰਪੰਚ ਮਲਕੀਤ ਕੌਰ ਕਲਕੱਤਾ, ਸਾਮਜ ਸੇਵੀ ਸੁਖਵਿੰਦਰ ਸਿੰਘ ਕਲਕੱਤਾ, ਪੰਚ ਸਤਵੀਰ ਸਿੰਘ ਢਿੱਲੋਂ, ਪੰਚ ਨਾਜਮ ਸਿੰਘ, ਸਰਭੂ ਸ਼ਹਿਣਾ ਤੇ ਨੀਲਮ ਸਿੰਘ ਨੇ ਦੱਸਿਆ ਕਿ ਇਸ ਕਾਫਲੇ ’ਚ 200 ਤੋਂ ਵੱਧ ਕਿਸਾਨ, ਨੌਜਵਾਨ ਤੇ ਔਰਤਾਂ ਸ਼ਾਮਲ ਹਨ। ਇਹ ਕਾਫਲਾ ਐੱਨਆਰਆਈ ਜੀਤ ਸਿੰਘ ਢੀਂਡਸਾ ਤੇ ਹੋਰ ਐੱਨਆਰਆਈ ਭਰਾਵਾਂ ਦੇ ਸਹਿਯੋਗ ਨਾਲ ਲਿਜਾਇਆ ਜਾ ਰਿਹਾ ਹੈ। ਇਹ ਕਾਫਲਾ ਪੰਚਾਇਤਘਰ ਸ਼ਹਿਣਾ ਤੋਂ ਰਵਾਨਾ ਹੋਇਆ। ਸਮਾਜ ਸੇਵੀ ਸੁਖਵਿੰਦਰ ਸਿੰਘ ਕਲਕੱਤਾ ਨੇ ਦੱਸਿਆ ਕਿ 9 ਜਨਵਰੀ ਨੂੰ ਟਿਕਰੀ ਬਾਰਡਰ ’ਤੇ ਸੁਖਮਨੀ ਸਾਹਿਬ ਦੇ ਪਾਠ ਕਰਵਾਏ ਜਾਣਗੇ। ਦਿੱਲੀ ਬਾਰਡਰ ’ਤੇ ਹੀ ਐੱਨਆਰਆਈ ਕਿਸਾਨ ਹੱਟੀ ਲਗਾ ਕੇ ਕੰਬਲ, ਬੂਟ, ਜੁਰਾਬਾਂ ਤੇ ਹੋਰ ਸਮੱਗਰੀ ਦਾ ਲੰਗਰ ਲਾਇਆ ਜਾਵੇਗਾ। ਇਸੇ ਦੌਰਾਨ ਟਿਕਰੀ ਬਾਰਡਰ ’ਤੇ ਵੱਡੇ ਕਾਫਲੇ ਸਮੇਤ ਰੋਸ ਮਾਰਚ ਵੀ ਕੀਤਾ ਜਾਵੇਗਾ।