ਬਲਜੀਤ ਸਿੰਘ
ਸਰਦੂਲਗੜ੍ਹ, 12 ਮਈ
ਭਾਖੜਾ ਮੇਨ ਬ੍ਰਾਂਚ ’ਚੋਂ ਫਤਹਿਪੁਰ ਹੈੱਡ ਤੋਂ ਨਿਕਲਣ ਵਾਲੀ ਨਿਊ ਢੰਡਾਲ ਨਹਿਰ ਵਿੱਚ ਡੇਢ ਮਹੀਨੇ ਬਾਅਦ ਫਿਰ ਤੋਂ ਪਾੜ ਪੈਣ ਕਾਰਨ ਸੌ ਏਕੜ ਰਕਬੇ ਵਿੱਚ ਪਾਣੀ ਭਰ ਗਿਆ। ਇਸ ਕਾਰਨ ਕਿਸਾਨਾਂ ਵੱਲੋਂ ਬੀਜੀ 15 ਏਕੜ ਦੇ ਕਰੀਬ ਨਰਮੇ ਦੀ ਫ਼ਸਲ ਤਬਾਹ ਹੋ ਗਈ।
ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਆਹਲੂਪੁਰ ਨਜ਼ਦੀਕ ਕਿਸਾਨ ਹੁਸਨਪ੍ਰੀਤ ਸਿੰਘ ਦੇ ਖ਼ੇਤ ਕੋਲ ਨਿਊ ਢੰਡਾਲ ਨਹਿਰ ਵਿੱਚ ਪੰਜਾਹ ਫੁੱਟ ਦੇ ਕਰੀਬ ਪਾੜ ਪੈ ਗਿਆ। ਇਸ ਦਾ ਰਾਤ ਨੂੰ ਗਿਆਰਾਂ ਵਜੇ ਪਤਾ ਲੱਗਣ ’ਤੇ ਪਿੰਡ ਵਾਸੀਆਂ ਨੇ ਮੌਕੇ ’ਤੇ ਪਹੁੰਚ ਕੇ ਸਬੰਧਿਤ ਮਹਿਕਮੇ ਨੂੰ ਫੋਨ ਕਰ ਕੇ ਫਤਹਿਪੁਰ ਹੈੱਡ ਤੋਂ ਪਾਣੀ ਬੰਦ ਕਰਵਾਇਆ ਪਰ ਫਿਰ ਵੀ 100 ਏਕੜ ਰਕਬੇ ਵਿੱਚ ਪਾਣੀ ਭਰ ਗਿਆ। ਇਸ ਕਾਰਨ ਕਿਸਾਨ ਜਸਪਾਲ ਸਿੰਘ, ਜਤਿੰਦਰ ਸਿੰਘ, ਹਰਜੀਤ ਸਿੰਘ ਅਤੇ ਜਸਪਾਲ ਸਿੰਘ ਆਦਿ ਦੀ ਪੰਦਰਾਂ ਏਕੜ ਦੇ ਕਰੀਬ ਨਰਮੇ ਦੀ ਫ਼ਸਲ ਤਬਾਹ ਹੋ ਗਈ। ਨਹਿਰ ਟੁੱਟਣ ਦਾ ਕਾਰਨ ਨਹਿਰ ਕਿਨਾਰੇ ਵਿੱਚ ਪਈ ਇੱਕ ਖੁੱਡ ਨੂੰ ਮੰਨਿਆ ਜਾ ਰਿਹਾ ਹੈ। ਨਹਿਰ ਦੇ ਕੰਢੇ ਤੇ ਦਰੱਖਤ ਜ਼ਿਆਦਾ ਹੋਣ ਕਾਰਨ ਇਨ੍ਹਾਂ ਦੇ ਤਣੇ ਨਹਿਰ ਦੇ ਕਿਨਾਰੇ ਕਮਜ਼ੋਰ ਕਰ ਰਹੇ ਹਨ। ਨਹਿਰ ਟੁੱਟਣ ਕਾਰਨ ਪਾਣੀ ਦੇ ਤੇਜ਼ ਵਹਾਅ ਕਰ ਕੇ ਝੁਨੀਰ ਤੋਂ ਆਹਲੂਪੁਰ ਨੂੰ ਜਾਣ ਵਾਲੀ ਪ੍ਰਧਾਨ ਮੰਤਰੀ ਸੜਕ ਯੋਜਨਾ ਤਹਿਤ ਬਣੀ ਸੜਕ ਦਾ 50 ਫੁੱਟ ਦੇ ਕਰੀਬ ਅੱਧਾ ਹਿੱਸਾ ਪਾਣੀ ਕਾਰਨ ਖੁਰ ਗਿਆ। ਘੱਗਰ ਤੋਂ ਪਾਰਲੇ ਪਿੰਡਾਂ ਨੂੰ ਪੀਣ ਅਤੇ ਸਿੰਜਾਈ ਲਈ ਪਾਣੀ ਦੀ ਪੂਰਤੀ ਕਰਨ ਵਾਲੀ ਇਸ ਨਹਿਰ ਵਿੱਚ ਪਾੜ ਪੈਣ ਕਾਰਨ ਜਿੱਥੇ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਮੁਸ਼ਕਲ ਦਾ ਸਾਹਮਣਾ ਕਰਨਾ ਪਵੇਗਾ, ਉੱਥੇ ਹੀ ਨਰਮਾ ਪੱਟੀ ਦੇ ਇਨ੍ਹਾਂ ਪਿੰਡਾਂ ਨੂੰ ਨਰਮੇ ਦੀ ਸਿੰਜਾਈ ਲਈ ਪਾਣੀ ਦੀ ਕਿੱਲਤ ਦਾ ਸਾਹਮਣਾ ਕਰਨਾ ਪਵੇਗਾ।
ਕਿਸਾਨਾਂ ਨੇ ਮੰਗ ਕੀਤੀ ਕਿ ਨਹਿਰ ਵਿਚ ਵਾਰ-ਵਾਰ ਪਾੜ ਪੈਣ ਦੇ ਕਾਰਨਾਂ ਦਾ ਸਥਾਈ ਹੱਲ ਕੀਤਾ ਜਾਵੇ। ਜ਼ਿਕਰਯੋਗ ਹੈ ਕਿ 26 ਮਾਰਚ ਨੂੰ ਵੀ ਇਸ ਨਹਿਰ ਵਿਚ ਪਿੰਡ ਆਹਲੂਪੁਰ ਦੇ ਨਜ਼ਦੀਕ ਪਾੜ ਪੈਣ ਕਾਰਨ ਦੋ ਸੌ ਏਕੜ ਵਿੱਚ ਪਾਣੀ ਭਰ ਗਿਆ ਸੀ।
ਪਾਣੀ ਦੀ ਸਪਲਾਈ ਜਲਦੀ ਹੋਵੇਗੀ ਸ਼ੁਰੂ: ਐੱਸਡੀਓ
ਐੱਸਡੀਓ ਗੁਰਦੀਪ ਸਿੰਘ ਨੇ ਦੱਸਿਆ ਕਿ ਨਹਿਰ ਦੇ ਕਿਨਾਰੇ ਵਿਚ ਲੀਕੇਜ਼ ਹੋਣ ਕਾਰਨ ਨਹਿਰ ਵਿਚ ਪਾੜ ਪੈ ਗਿਆ ਸੀ। ਮਹਿਕਮੇ ਵੱਲੋਂ ਪਾੜ ਨੂੰ ਬੰਦ ਕਰਨ ਦੇ ਪੂਰੇ ਪ੍ਰਬੰਧ ਕਰ ਲਏ ਗਏ ਹਨ। ਸ਼ਾਮ ਤਕ ਇਸ ਪਾੜ ਨੂੰ ਪੂਰ ਕੇ ਪਾਣੀ ਦੀ ਸਪਲਾਈ ਚਾਲੂ ਕਰ ਦਿੱਤੀ ਜਾਵੇਗੀ।