ਮਹਿੰਦਰ ਸਿੰਘ ਰੱਤੀਆਂ
ਮੋਗਾ, 12 ਅਪਰੈਲ
ਸੂਬੇ ਦੀਆਂ ਸਿਰ ਕੱਢ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਖੇਤੀਬਾੜੀ ਵਿਭਾਗ ਵੱਲੋਂ ਲੱਖਾਂ ਰੁਪਏ ਮੋਟੀ ਰਕਮ ਖਰਚ ਕੇ ਪੈਲੇਸਾਂ ’ਚ ‘ਕਿਸਾਨ ਮੇਲੇ’ ਲਗਾਉਣ ’ਤੇ ਸਵਾਲ ਚੁੱਕੇ ਹਨ। ਸੂਬੇ ’ਚ ਰਿਵਾਇਤੀ ਪਾਰਟੀਆਂ ਦੇ ਕਾਰਜਕਾਲ ਤੋਂ ਹੁਣ ਤੱਕ ਇਹ ਮੇਲੇ’ ਅਨਾਜ ਮੰਡੀਆਂ ਜਾਂ ਖੇਤਾਂ ’ਚ ਲੱਗਦੇ ਸਨ ਪਰ ‘ਆਪ’ ਸਰਕਾਰ ਵਿੱਚ ਖੇੇਤੀਬਾੜੀ ਵਿਭਾਗ ਨੇ ਇਹ ਪਿਰਤ ਤੋੜ ਦਿੱਤੀ ਹੈ, ਜਦੋਂਕਿ ‘ਆਪ’ ਸਰਕਾਰ ਸਰਕਾਰੀ ਪੈਸੇ ਦੀ ਫ਼ਜੂਲ ਖਰਚੀ ਰੋਕਣ ਤੇ ਹੋਰ ਵਾਅਦਿਆਂ ਨਾਲ ਸੱਤਾ ’ਚ ਆਈ ਸੀ।
ਇਥੇ ਖੇਤੀਬਾੜੀ ਵਿਭਾਗ ਵੱਲੋਂ ਅੱਜ ਗਰੈਂਡ ਰਿਜ਼ੌਰਟ ’ਚ ਕਿਸਾਨ ਮੇਲੇ ਲਈ ਆਮ ਕਿਸਾਨਾਂ ਨੂੰ ਤਾਂ ਜਾਣਕਾਰੀ ਕੀ ਹੋਣੀ ਸੀ, ਸਿਰ ਕੱਢ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੂੰ ਵੀ ਵਿਭਾਗ ਨੇ ਕੋਈ ਸੂਚਨਾ ਨਹੀਂ ਦਿੱਤੀ। ਖੇਤੀਬਾੜੀ ਵਿਭਾਗ ਦੇ ਪੁਖਤਾ ਪ੍ਰਬੰਧ ਉਦੋਂ ਢਹਿ ਢੇਰੀ ਹੋ ਗਏ ਜਦੋਂ ਮੇਲੇ ’ਚ ਕਿਸਾਨ ਹੀ ਨਾ ਪੁੱਜੇ ਤੇ ਨਾ ਹੀ ਕੋਈ ਸਿਆਸੀ ਆਗੂ ਬਹੁੜਿਆ। ਇਹ ਹਾਲਾਤ ਵੇਖ ਕੇ ਅਧਿਕਾਰੀ ਫਸ ਗਏ ਤੇ ਕੀੜੇ ਮਾਰ ਦਵਾਈਆਂ, ਖਾਦ ਤੇ ਬੀਜ ਡੀਲਰਾਂ ਨੂੰ ਫੋਨ ਕਰਕੇ ਸਮਾਗਮ ’ਚ ਪੁੱਜਣ ਲਈ ਕਹਿਣ ਲੱਗੇ। ਸਮਾਗਮ ’ਚ ਕਿਸਾਨਾਂ ਦਾ ਇਕੱਠ ਨਾ ਹੋਣ ’ਤੇ ਪੈਲੇਸ ਅੰਦਰ ਖਾਲੀ ਕੁਰਸੀਆਂ ਦੀ ਭਿਣਕ ਡਿਪਟੀ ਕਮਿਸ਼ਨਰ ਤੱਕ ਪੁੱਜ ਗਈ ਤਾਂ ਉਹ ਉਦਘਾਟਨ ਕਰਨ ਲਈ ਨਹੀਂ ਆਏ। ਅਖਿਰ ਕਿਸਾਨ ਮੇਲਾ ਬਿਨਾਂ ਕਿਸੇ ਰਸਮੀ ਉਦਘਾਟਨ ਤੋਂ ਦੁਪਹਿਰ ਡੇਢ ਵਜੇ ਕੇਵਲ ਵਿਗਿਆਨੀਆਂ ਵੱਲੋਂ ਪੈਸਟੀਸਾਈਡਜ਼ ਕੰਪਨੀਆਂ ਦੇ ਸੇਲਜਮੈਨ ਤੇ ਡੀਲਰਾਂ ਨੂੰ ਸੰਬੋਧਨ ਕਰਨ ਨਾਲ ਸਮਾਪਤ ਹੋ ਗਿਆ। ਬੀਕੇਯੂ ਏਕਤਾ-ਉਗਰਾਹਾਂ ਸੁਬਾਈ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਤੇ ਬਲੌਰ ਸਿੰਘ ਘਾਲੀ ਨੇ ਕਿਹਾ ਕਿ ਉਨ੍ਹਾਂ ਨੂੰ ਅੱਜ ਦੇ ਕਿਸਾਨ ਮੇਲੇ ਬਾਰੇ ਕੋਈ ਜਾਣਕਾਰੀ ਨਹੀਂ। ਉਨ੍ਹਾਂ ਕਿਹਾ ਕਿ ਕਿਸਾਨ ਮੰਡੀਆਂ ’ਚ ਹਨ ਵਾਢੀ ਦੇ ਮੌਸਮ ’ਚ ਮੇਲੇ ਦਾ ਆਯੋਜਨ ਗਲਤ ਹੈ। ਉਨ੍ਹਾਂ ਆਖਿਆ ਕਿ ਪੰਜਾਬ ਦਾ ਕਿਸਾਨ ਖ਼ੁਦਕੁਸ਼ੀਆਂ ਦੇ ਰਾਹ ਕਿਉਂ ਪੈ ਤੁਰਿਆ ਹੈ ? ਇਹ ਅੱਜ ਦੀ ਘੜੀ ਗੰਭੀਰ ਮੁੱਦਾ ਹੈ। ਬੀਕੇਯੂ (ਕਾਦੀਆਂ) ਜ਼ਿਲ੍ਹਾ ਪ੍ਰਧਾਨ ਨਿਰਮਲ ਸਿੰਘ ਮਾਣੂੇਕੇ, ਜਨਰਲ ਸਕੱਤਰ ਗੁਲਜ਼ਾਰ ਸਿੰਘ ਘਾਲੀ ਨੇ ਕਿਹਾ ਕਿ ਉਨ੍ਹਾਂ ਨੂੰ ਪਹਿਲਾਂ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਮਾਮਲਾ ਮੀਡੀਆ ਤੱਕ ਪੱਜਣ ਮਗਰੋਂ ਉਨ੍ਹਾਂ ਨੂੰ ਫੋਨ ਕੀਤਾ ਗਿਆ। ਕਿਰਤੀ ਕਿਸਾਨ ਯੂਨੀਅਨ ਸੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ ਨੇ ਆਖਿਆ ਉਨ੍ਹਾਂ ਨੂੰ ਅੱਜ ਦੇ ਮੇਲੇ ਬਾਰੇ ਕੋਈ ਜਾਣਕਾਰੀ ਨਹੀਂ ਹੈ। ਉਨ੍ਹਾਂ ਆਖਿਆ ਕਿ ਇਸ ਵੇਲੇ ਕਿਸਾਨ ਗ਼ੁਲਾਮੀ ਵਾਲੀ ਜ਼ਿੰਦਗੀ ਬਸਰ ਕਰਕੇ ਕਰਜ਼ੇ ਦੀ ਮਾਰ ਹੇਠ ਹੈ। ਕਿਸਾਨਾਂ ਨੂੰ ‘ਮੇਲੇ ਲਗਾ ਕੇ ਨਹੀਂ ਸਗੋਂ ਫ਼ਸਲਾਂ ਦਾ ਭਾਅ ਡਾ. ਸਵਾਮੀਨਾਥਨ ਕਮਿਸ਼ਨ ਦੀ ਸਿਫ਼ਾਰਸ਼ਾਂ ਮੁਤਾਬਕ ਦਿੱਤਾ ਜਾਵੇ ਤਾਂ ਜੋ ਕਿਸਾਨੀ ਦਾ ਸਮੱਸਿਆ ਦਾ ਹੱਲ ਹੋ ਸਕਦਾ ਹੈ। ਕਿਸਾਨ, ਸਰਕਾਰ ਦੀਆਂ ਮਾੜੀਆਂ ਨੀਤੀਆਂ ਕਾਰਨ ਅੰਨਦਾਤੇ ਤੋਂ ਭਿਖਾਰੀ ਬਣ ਗਏ ਹਨ। ਜਿਸ ਤਰ੍ਹਾਂ ਸਰਕਾਰਾਂ ਦੀਆਂ ਮਾੜੀਆਂ ਨੀਤੀਆਂ ਨੇ ਕਿਸਾਨੀ ਨੂੰ ਆਤਮ ਹੱਤਿਆਵਾਂ ਦੇ ਰਾਹ ਤੋਰ ਦਿੱਤਾ ਗਈ ਹੈ। ਕਿਸਾਨ ਆਗੂਆਂ ਵੱਲੋਂ ਖੇਤੀ ਮੇਲੇ ਸਬੰਧੀ ਆਪਣਾ ਪ੍ਰਤੀਕਰਮ ਦੇਣ ਮਗਰੋਂ ਖੇਤੀਬਾੜੀ ਅਧਿਕਾਰੀ ਉਨ੍ਹਾਂ ਨੂੰ ਆਪਣੇ ਨਿੱਜੀ ਵਾਹਨਾਂ ’ਚ ਘਰ ਤੋਂ ਲੈਣ ਪੁੱਜੇ ਪਰ ਇੱਕ ਦੋ ਆਗੂਆਂ ਨੂੰ ਛੱਡ ਕੇ ਕੋਈ ਕਿਸਾਨ ਨਹੀਂ ਆਇਆ।
ਕੀ ਕਹਿੰਦੇ ਨੇ ਮੁੱਖ ਖੇਤੀਬਾੜੀ ਅਫ਼ਸਰ
ਮੁੱਖ ਖੇਤੀਬਾੜੀ ਅਫ਼ਸਰ ਡਾ. ਪ੍ਰਿਤਪਾਲ ਸਿੰਘ ਨੇ ਅਨਾਜ ਮੰਡੀਆਂ ਦੀ ਥਾਂ ਪੈਲੇਸ ’ਚ ਕਿਸਾਨ ਮੇਲਾ ਲਗਾਉਣ ਦਾ ਜਵਾਬ ਨਾ ਦਿੰਦੇ ਆਖਿਆ ਕਿ ਕਿਸਾਨਾਂ ਨੂੰ ਖੇਤਰੀ ਅਧਿਕਾਰੀ ਪਿੰਡਾਂ ’ਚੋਂ ਲੈ ਕੇ ਆਉਣਗੇ। ਉਨ੍ਹਾਂ ਕਿਹਾ ਕਿ ਅਖਬਾਰਾਂ ਨੂੰ ਮੇਲੇ ਲਈ ਪ੍ਰੈੱਸ ਰਿਲੀਜ਼ ਵੀ ਜਾਰੀ ਕੀਤੀ ਸੀ।