ਧਰਮਪਾਲ ਸਿੰਘ ਤੂਰ
ਸੰਗਤ ਮੰਡੀ, 8 ਅਕਤੂਬਰ
ਸਰਪੰਚ ਯੂਨੀਅਨ ਬਠਿੰਡਾ ਵੱਲੋਂ ਕਾਂਗਰਸ ਪਾਰਟੀ ਵੱਲੋਂ ਨਵੇਂ ਚੁਣੇ ਗਏ ਡੈਲੀਗੇਟਾਂ ਵਿੱਚ ਬਲਾਕ ਬਠਿੰਡਾ ਨੂੰ ਕੋਈ ਪ੍ਰਤੀਨਿਧਤਾ ਨਾ ਮਿਲਣ ਦਾ ਰੋਸ ਪਾਰਟੀ ਹਾਈਕਮਾਨ ਤੱਕ ਪਹੁੰਚਾਉਣ ਲਈ ਅੱਜ ਇੱਥੇ ਮੀਟਿੰਗ ਕੀਤੀ ਗਈ। ਸਰਪੰਚ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸਰਪੰਚ ਹਰਦੀਪ ਸਿੰਘ ਝੁੰਬਾ ਅਤੇ ਬਲਾਕ ਪ੍ਰਧਾਨ ਸਰਪੰਚ ਮੇਜਰ ਸਿੰਘ ਭਾਗੂ ਦੀ ਅਗਵਾਈ ਵਿੱਚ ਹੋਈ ਇਸ ਮੀਟਿੰਗ ਦੌਰਾਨ ਇਕੱਠੇ ਹੋਏ ਹਲਕੇ ਦੇ ਸਰਪੰਚਾਂ ਨੇ ਮੁਸ਼ਕਲਾਂ ਬਾਰੇ ਚਰਚਾ ਕੀਤੀ।
ਇਸ ਮੌਕੇ ਸਰਪੰਚ ਯੂਨੀਅਨ ਦੇ ਆਗੂਆਂ ਨੇ ਸਰਕਾਰ ’ਤੇ ਸਰਪੰਚਾਂ ਨੂੰ ਨਾਜਾਇਜ਼ ਪ੍ਰੇਸ਼ਾਨ ਕਰਨ ਦੇ ਦੋਸ਼ ਲਾਏ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਸਰਪੰਚਾਂ ਨੂੰ ਦਬਾਇਆ ਜਾ ਰਿਹਾ ਹੈ। ਇਸ ਦੌਰਾਨ ਉਨ੍ਹਾਂ ਕਾਂਗਰਸ ਵੱਲੋਂ ਪਿਛਲੇ ਦਿਨੀਂ ਨਿਯੁਕਤ ਕੀਤੇ ਗਏ ਡੈਲੀਗੇਟਾਂ ਦੀ ਸੂਚੀ ਵਿੱਚ ਬਲਾਕ ਬਠਿੰਡਾ ਦੇ ਕਿਸੇ ਕਾਂਗਰਸੀ ਨੂੰ ਨਾ ਸ਼ਾਮਲ ਕੀਤੇ ਜਾਣ ਦੇ ਰੋਸ ਵਜੋਂ ਪਾਰਟੀ ਹਾਈਕਮਾਨ ਖ਼ਿਲਾਫ਼ ਨਾਰਾਜ਼ਗੀ ਜ਼ਾਹਰ ਕੀਤੀ। ਇਸ ਮੌਕੇ ਮਨਜੀਤ ਸਿੰਘ ਕੋਟਫੱਤਾ, ਅਮਨਦੀਪ ਸਿੰਘ ਬਾਹੋ ਸਿਵੀਆ, ਸਰਪੰਚ ਹੇਮਰਾਜ ਕਟਾਰ ਸਿੰਘ ਵਾਲਾ, ਸਰਪੰਚ ਬੂਟਾ ਸਿੰਘ ਗੁਲਾਬਗੜ੍ਹ, ਸਰਪੰਚ ਜਸਵੰਤ ਸਿੰਘ ਬਾਹੋ ਸਿਵੀਆਂ, ਸਰਪੰਚ ਇੰਦਰਜੀਤ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਾਂਗਰਸੀ ਪੰਚ ਤੇ ਸਰਪੰਚ ਹਾਜ਼ਰ ਸਨ।
ਕਾਂਗਰਸੀ ਆਗੂ ਵੱਲੋਂ ਮਸਲਾ ਹਾਈਕਮਾਨ ਤੱਕ ਪਹੁੰਚਾਉਣ ਦਾ ਭਰੋਸਾ
ਸਰਪੰਚ ਯੂਨੀਅਨ ਦੀਆਂ ਸਮੱਸਿਆਵਾਂ ਸੁਣਨ ਪਹੁੰਚੇ ਕਾਂਗਰਸੀ ਆਗੂ ਹਰਵਿੰਦਰ ਸਿੰਘ ਲਾਡੀ ਨੇ ਕਾਂਗਰਸੀ ਸਰਪੰਚਾਂ ਨੂੰ ਹਰ ਮੁਸ਼ਕਲ ਵਿੱਚ ਇਕੱਠੇ ਰਹਿਣ ਅਤੇ ਉਨ੍ਹਾਂ ਦਾ ਸਾਥ ਦੇਣ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਸਰਕਾਰ ਦੀ ਕਿਸੇ ਤਰ੍ਹਾਂ ਦੀ ਧੱਕੇਸ਼ਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਵੱਲੋਂ ਡੈਲੀਗੇਟਾਂ ਦੀ ਚੋਣ ਵਿੱਚ ਬਲਾਕ ਬਠਿੰਡਾ ਦੀ ਹੋਈ ਅਣਦੇਖੀ ਦਾ ਮਸਲਾ ਪਾਰਟੀ ਹਾਈਕਮਾਨ ਤੱਕ ਪਹੁੰਚਾਉਣ ਦਾ ਭਰੋਸਾ ਦਿੱਤਾ ਗਿਆ।