ਧਰਮਪਾਲ ਸਿੰਘ ਤੂਰ
ਸੰਗਤ ਮੰਡੀ, 19 ਜੁਲਾਈ
ਰਾਸ਼ਟਰੀ ਰਾਜ ਮਾਰਗ ਨੰਬਰ 54 ’ਤੇ ਪੈਂਦੀਆਂ ਮਹਿੰਗੇ ਭਾਅ ਦੀਆਂ ਜ਼ਮੀਨਾਂ ਦੇ ਘੱਟ ਰੇਟ ਮਿਲਣ ਤੋਂ ਔਖੇ ਕਿਸਾਨਾਂ ਨੇ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦਾ ਪੁਤਲਾ ਫੂਕਿਆ ਤੇ ਕੈਪਟਨ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਬਠਿੰਡਾ-ਡੱਬਵਾਲੀ ਮੁੱਖ ਮਾਰਗ ’ਤੇ ਪੈਂਦੇ ਪਿੰਡ ਜੋਧਪੁਰ ਰੋਮਾਣਾ ਤੋਂ ਡੂੰਮਵਾਲੀ ਤੱਕ ਮੁੱਖ ਮਾਰਗ ਨੂੰ ਛੇ ਮਾਰਗੀ ਕਰਨ ਲਈ ਪੰਜਾਬ ਸਰਕਾਰ ਵੱਲੋਂ ਦਿੱਤੇ ਜਾ ਰਹੇ ਜ਼ਮੀਨਾਂ ਦੇ ਭਾਅ ਕਿਸਾਨਾਂ ਨੇ ਰੱਦ ਕਰ ਦਿੱਤੇ ਹਨ। ਇਸ ਕਾਰਨ ਪਿਛਲੇ ਤਿੰਨ ਮਹੀਨਿਆਂ ਤੋਂ ਪੱਕਾ ਧਰਨਾ ਲਗਾਇਆ ਹੋਇਆ ਹੈ, ਜਿਥੇ ਪਿਛਲੇ ਦਿਨੀਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਿੱਜੀ ਸਲਾਹਕਾਰ ਕੈਪਟਨ ਸੰਦੀਪ ਸੰਧੂ ਵੀ ਧਰਨਾਕਾਰੀਆਂ ਨੂੰ ਮਿਲਣ ਪੁੱਜੇ ਸਨ ਪ੍ਰੰਤੂ ਕਿਸਾਨਾਂ ਨੂੰ ਵਿਸ਼ਵਾਸ ਦਿਵਾਏ ਜਾਣ ਦੇ ਬਾਵਜੂਦ ਗੱਲ ਕਿਸੇ ਕਿਨਾਰੇ ਨਹੀਂ ਲੱਗੀ।
ਅੱਜ ਵੱਡੀ ਗਿਣਤੀ ’ਚ ਪਿੰਡ ਗਹਿਰੀ ਬੁੱਟਰ ’ਚ ਇਕੱਠੇ ਹੋਏ ਇਲਾਕੇ ਦੇ ਕਾਂਗਰਸੀ ਸਰਪੰਚਾਂ ਸਮੇਤ 11 ਪਿੰਡਾਂ ਦੇ ਕਿਸਾਨਾਂ ਵੱਲੋਂ ਪੰਜਾਬ ਦੇ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦਾ ਪੁਤਲਾ ਸਾੜਿਆ ਤੇ ਕੈਪਟਨ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ। ਜੱਸੀ ਬਾਗ਼ਵਾਲੀ ਦੀ ਕਾਂਗਰਸੀ ਸਰਪੰਚ ਪਰਮਜੀਤ ਕੌਰ ਦੇ ਪਤੀ ਕਰਮਜੀਤ ਸਿੰਘ, ਗਹਿਰੀ ਬੁੱਟਰ ਦੀ ਸਰਪੰਚ ਮਨਦੀਪ ਕੌਰ ਦੇ ਪਤੀ ਗੁਰਪ੍ਰੀਤ ਸਿੰਘ ਅਤੇ ਜਸਪ੍ਰੀਤ ਸਿੰਘ ਲਾਡੀ ਜੋਧਪੁਰ ਰੋਮਾਣਾ ਨੇ ਦੱਸਿਆ ਕਿ ਪੰਜਾਬ ਦੇ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਉਨ੍ਹਾਂ ਨੂੰ ਵਿਸ਼ਵਾਸ ਦਿਵਾਇਆ ਗਿਆ ਸੀ ਕਿ ਉਨ੍ਹਾਂ ਦੀਆਂ ਜ਼ਮੀਨਾਂ ਦੇ ਭਾਅ ਇਕ ਕਰੋੜ ਰੁਪਏ ਪ੍ਰਤੀ ਏਕੜ ਤੋਂ ਵੱਧ ਦਿਵਾਏ ਜਾਣਗੇ, ਜਿਸ ਕਾਰਨ ਉਨ੍ਹਾਂ ਦੇ ਲਾਰਿਆਂ ’ਚ ਆ ਕੇ ਕਿਸਾਨਾਂ ਨੇ ਜ਼ਮੀਨਾਂ ਦੀ ਨਿਸ਼ਾਨਦੇਹੀ ਕਰਵਾ ਦਿੱਤੀ ਸੀ ਪ੍ਰੰਤੂ ਹੁਣ ਉਨ੍ਹਾਂ ਨੂੰ ਜ਼ਮੀਨਾਂ ਦੇ ਭਾਅ 53 ਲੱਖ ਰੁਪਏ ਪ੍ਰਤੀ ਏਕੜ ਦਿੱਤੇ ਜਾਣ ਦੇ ਫ਼ੁਰਮਾਨ ਜਾਰੀ ਕਰ ਦਿੱਤੇ ਹਨ। ਉਨ੍ਹਾਂ ਕਿਹਾ ਕਿ ਕਿਸਾਨ ਆਪਣੀਆਂ ਜੱਦੀ ਤੇ ਮਹਿੰਗੇ ਭਾਅ ਦੀਆਂ ਜ਼ਮੀਨਾਂ ਨੂੰ ਕਿਸੇ ਵੀ ਕੀਮਤ ’ਤੇ ਕੌਡੀਆਂ ਦੇ ਭਾਅ ਨਹੀਂ ਦੇਣਗੇ।
ਇਸ ਮੌਕੇ ਬਹਾਦਰ ਸਿੰਘ ਸਰਪੰਚ ਬਾਂਡੀ, ਬਲਵੀਰ ਸਿੰਘ ਸਰਪੰਚ ਗੁਰੂਸਰ ਸੈਣੇਵਾਲਾ, ਗੁਰਦੀਪ ਸਿੰਘ ਸਰਪੰਚ ਪਥਰਾਲਾ, ਬਲਵੰਤ ਸਿੰਘ ਪੱਪੀ ਸਰਪੰਚ ਕੋਠੇ ਸੰਗਤ ਕਲਾਂ, ਜਵਾਹਰ ਸਿੰਘ ਸਾਬਕਾ ਸਰਪੰਚ ਨੰਦਗੜ੍ਹ, ਯੂਥ ਕਾਂਗਰਸੀ ਆਗੂ ਰਾਹੁਲ ਗੋਇਲ ਸੰਗਤ ਮੰਡੀ, ਮੰਦਰ ਸਿੰਘ ਗਹਿਰੀ ਬੁੱਟਰ ਇਕਾਈ ਪ੍ਰਧਾਨ ਬੀਕੇਯੂ ਡਕੌਂਦਾ ਆਦਿ ਕਿਸਾਨ ਮੌਜੂਦ ਸਨ।