ਜਸਵੀਰ ਸਿੰਘ ਭੁੱਲਰ
ਦੋਦਾ, 16 ਅਕਤੂਬਰ
ਇੱਥੋਂ ਨੇੜਲੇ ਪਿੰਡ ਭੁੱਲਰ ਵਿੱਚ ਲੰਘੀ ਦੇਰ ਰਾਤ ਬਲਵਿੰਦਰ ਸਿੰਘ ਬਿੱਲਾ ਪੁੱਤਰ ਜਸਮੇਲ ਸਿੰਘ ਦੇ ਘਰ ਦੀ ਛੱਤ ਅਚਾਨਕ ਡਿੱਗ ਗਈ। ਇਹ ਪਰਿਵਾਰ ਗਰੀਬ ਹੋਣ ਕਰ ਕੇ ਘਰ ਦੀ ਛੱਤ ਕਾਫੀ ਖ਼ਸਤਾ ਹਾਲਤ ਵਿਚ ਸੀ। ਇਸ ਦੌਰਾਨ ਘਰ ਅੰਦਰ ਸੌਂ ਰਹੇ ਪਰਿਵਾਰ ਦੇ ਛੇ ਮੈਂਬਰ ਜ਼ਖ਼ਮੀ ਹੋ ਗਏ। ਛੱਤ ਡਿੱਗਣ ਕਾਰਨ ਹੋਈ ਆਵਾਜ਼ ਸੁਣ ਕੇ ਗੁਆਢੀਆਂ ਨੇ ਮੌਕੇ ’ਤੇ ਪਹੁੰਚ ਕੇ ਛੱਤ ਦੇ ਮਲਬੇ ਹੇਠ ਦੱਬੇ ਪਰਿਵਾਰ ਦੇ ਮੈਂਬਰਾਂ ਨੂੰ ਬਾਹਰ ਕੱਢਿਆ ਅਤੇ ਜ਼ਖ਼ਮੀ ਹਾਲਤ ਵਿੱਚ 108 ਨੰਬਰ ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਮੁਕਤਸਰ ਵਿੱਚ ਭਰਤੀ ਕਰਵਾਇਆ। ਇਸ ਦੌਰਾਨ ਬਲਵਿੰਦਰ ਸਿੰਘ ਦੀ ਪਤਨੀ ਪਤਨੀ ਅਤੇ ਇਕ ਲੜਕੀ ਦੀ ਹਾਲਤ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਫ਼ਰੀਦਕੋਟ ਦੇ ਮੈਡੀਕਲ ਕਾਲਜ ਤੇ ਹਸਪਤਾਲ ਲਈ ਰੈਫਰ ਕਰ ਦਿੱਤਾ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਦੇ ਪੰਚ ਬਾਦਲ ਸਿੰਘ ਅਤੇ ਲਖਵੀਰ ਸਿੰਘ ਆਦਿ ਨੇ ਦੱਸਿਆ ਕਿ ਇਸ ਘਟਨਾ ਵਿਚ ਘਰ ਦੇ ਮਾਲਕ ਬਲਵਿੰਦਰ ਸਿੰਘ ਦੀ ਵੀ ਇਕ ਲੱਤ ਟੁੱਟ ਗਈ ਹੈ ਅਤੇ ਘਰੇਲੂ ਸਾਮਾਨ ਵੀ ਟੁੱਟ ਗਿਆ ਹੈ। ਉਨ੍ਹਾਂ ਇਸ ਗਰੀਬ ਪਰਿਵਾਰ ਲਈ ਸਰਕਾਰ ਪਾਸੋਂ ਮੁਆਵਜ਼ੇ ਦੀ ਮੰਗ ਕੀਤੀ ਹੈ।