ਨਿੱਜੀ ਪੱਤਰ ਪ੍ਰੇਰਕ
ਰਾਮਪੁਰਾ ਫੂਲ, 5 ਜੁਲਾਈ
ਬੀਤੀ ਰਾਤ ਤੇਜ਼ ਹਨੇਰੀ ਅਤੇ ਝੱਖੜ ਦੇ ਆਉਣ ਨਾਲ ਪਿੰਡ ਭੈਣੀ ਦੇ ਗਰੀਬ ਪਰਿਵਾਰ ਦੇ ਕਮਰੇ ਦੀ ਛੱਤ ਡਿੱਗ ਗਈ। ਕਮਰੇ ਅੰਦਰ ਕੋਈ ਵੀ ਵਿਅਕਤੀ ਨਾ ਹੋਣ ਕਾਰਨ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ ਪਰ ਮੀਂਹ ਕਾਰਨ ਸਾਰਾ ਸਾਮਾਨ ਖਰਾਬ ਹੋ ਗਿਆ। ਨਛੱਤਰ ਸਿੰਘ ਪੁੱਤਰ ਸ੍ਰੀ ਸੰਤਾ ਸਿੰਘ ਨੇ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਆਪਣਾ ਕੰਮਕਾਰ ਨਬਿੇੜ ਕੇ ਪਰਿਵਾਰ ਸਮੇਤ ਕਮਰੇ ‘ਚ ਪਏ ਸਨ ਕਿ ਰਾਤ 1 ਵਜੇ ਦੇ ਕਰੀਬ ਆਏ ਤੇਜ਼ ਮੀਂਹ ਤੇ ਝੱਖੜ ਨਾਲ ਉਨ੍ਹਾਂ ਦੇ ਕਮਰੇ ਦੀ ਛੱਤ ਡਿੱਗਣ ਦੀ ਆਵਾਜ਼ ਨਾਲ ਬੱਚੇ ਵੀ ਡਰ ਗਏ। ਉਨ੍ਹਾਂ ਦੱਸਿਆ ਕਿ ਜਿਹੜੇ ਕਮਰੇ ਵਿੱਚ ਉਹ ਸੁੱਤੇ ਪਏ ਸਨ ਉਸ ਦੀ ਛੱਤ ਵੀ ਡਿੱਗਣ ਕਿਨਾਰੇ ਹੈ ਤੇ ਉਹ ਕਦੇ ਵੀ ਡਿੱਗ ਸਕਦੀ ਹੈ।
ਉਨ੍ਹਾਂ ਕਿਹਾ ਕਿ ਉਹ ਮਿਹਨਤ ਮਜ਼ਦੂਰੀ ਕਰ ਕੇ ਆਪਣਾ ਪਰਿਵਾਰ ਪਾਲ ਰਿਹਾ ਹੈ ,ਉਸ ਲਈ ਕਮਰੇ ਦੀ ਨਵੀਂ ਛੱਤ ਪਾਉਣੀ ਤਾਂ ਪਹਾੜ ਨਾਲ ਮੱਥਾ ਲਾਉਣ ਦੇ ਬਰਾਬਰ ਹੈ। ਉਸ ਨੇ ਕਿਹਾ ਕਿ ਉਸ ਦੇ ਪਰਿਵਾਰ ਦਾ ਪਹਿਲਾਂ ਹੀ ਗੁਜ਼ਾਰਾ ਬਹੁਤ ਔਖਾ ਚੱਲਦਾ ਹੈ। ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਆਗੂ ਗੁਰਤੇਜ ਸਿੰਘ ਫੌਜੀ, ਅਜੈਬ ਸਿੰਘ ਭੱਟੀ ਤੇ ਭਗਵੰਤ ਸਿੰਘ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਗਰੀਬ ਪਰਿਵਾਰ ਦੀ ਸਰਕਾਰ ਦੀ ਤਰਫ਼ੋਂ ਸਹਾਇਤਾ ਕੀਤੀ ਜਾਵੇ।