ਸੁੰਦਰ ਨਾਥ ਆਰੀਆ
ਅਬੋਹਰ, 17 ਸਤੰਬਰ
ਸ਼ਹਿਰ ਵਿੱਚ ਗੁੰਡਾਗਰਦੀ, ਚੋਰੀ ਅਤੇ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਵਿੱਚ ਵਾਧਾ ਹੋ ਰਿਹਾ ਹੈ। ਇਸ ਤਹਿਤ ਬੀਤੇ ਦਿਨੀ ਸ਼ਹਿਰ ਦੇ ਸਦਰ ਬਾਜ਼ਾਰ ਗਲੀ ਨੰਬਰ 12 ਵਿੱਚ ਖਰੀਦਦਾਰੀ ਕਰਨ ਆਈਆਂ ਦੋ ਔਰਤਾਂ ਤੋਂ ਮੋਟਰਸਾਈਕਲ ਸਵਾਰ ਇੱਕ ਅਣਪਛਾਤੇ ਨੌਜਵਾਨ ਨੇ ਪਰਸ ਅਤੇ ਮੋਬਾਈਲ ਖੋਹਣ ਦੀ ਕੋਸ਼ਿਸ਼ ਕੀਤੀ, ਪਰ ਔਰਤਾਂ ਵੱਲੋਂ ਰੌਲਾ ਪਾਉਣ ’ਤੇ ਲੁਟੇਰਾ ਆਪਣਾ ਮੋਟਰਸਾਈਕਲ ਛੱਡ ਕੇ ਫਰਾਰ ਹੋ ਗਿਆ। ਜਾਣਕਾਰੀ ਮੁਤਾਬਕ ਬੀਕਾਨੇਰ ਵਾਸੀ ਤਾਰਾ ਅਤੇ ਨੀਲਮ ਆਪਣੀ ਭਾਣਜੀ ਦੇ ਵਿਆਹ ਸਬੰਧੀ ਖਰੀਦਦਾਰੀ ਕਰਨ ਲਈ ਐਕਟੀਵਾ ’ਤੇ ਬਾਜ਼ਾਰ ਆਈਆਂ ਸਨ। ਇਸ ਦੌਰਾਨ ਇਕ ਬਗੈਰ ਨੰਬਰੀ ਮੋਟਰਸਾਈਕਲ ਸਵਾਰ ਵੱਲੋਂ ਉਨ੍ਹਾਂ ਕੋਲੋਂ ਪਰਸ ਖੋਹਣ ਦੀ ਕੋਸ਼ਿਸ਼ ਕੀਤੀ ਗਈ ਪਰ ਉਨ੍ਹਾਂ ਆਪਣਾ ਪਰਸ ਨਹੀਂ ਛੱਡਿਆ। ਇਸ ਖਿੱਚੋਤਾਣ ਵਿੱਚ ਪਰਸ ਦੀ ਡੋਰ ਟੁੱਟ ਗਈ, ਜਿਸ ਕਾਰਨ ਦੋਵੇਂ ਔਰਤਾਂ ਐਕਟੀਵਾ ਤੋਂ ਡਿੱਗ ਕੇ ਜ਼ਖ਼ਮੀ ਹੋ ਗਈਆਂ। ਔਰਤਾਂ ਵੱਲੋਂ ਰੌਲਾ ਪਾਉਣ ’ਤੇ ਮੁਲਜ਼ਮ ਮੋਟਰਸਾਈਕਲ ਛੱਡ ਕੇ ਫਰਾਰ ਹੋ ਗਿਆ। ਦੁਦਾਨਕਾਰਾਂ ਨੇ ਇਸ ਦੀ ਸੂਚਨਾ ਪੁਲੀਸ ਨੂੰ ਦਿੱਤੀ। ਸੂਚਨਾ ਮਿਲਦੇ ਸਾਰ ਥਾਣਾ ਨੰਬਰ ਇਕ ਦੇ ਮੁਖੀ ਬਲਜੀਤ ਸਿੰਘ ਆਪਣੀ ਟੀਮ ਸਣੇ ਮੌਕੇ ’ਤੇ ਪੁੱਜੇ ਅਤੇ ਲੁਟੇਰੇ ਦੀ ਬਾਈਕ ਤੇ ਕਾਪਾ ਕਬਜ਼ੇ ਵਿੱਚ ਲੈ ਲਿਆ ਹੈ। ਪੁਲੀਸ ਨੇ ਨੇੜੇ-ਤੇੜੇ ਦੇ ਦੁਕਾਨਦਾਰਾਂ ਨੂੰ ਨਾਲ ਲੈ ਕੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਤਾਂ ਵੇਖਿਆ ਕਿ ਇਕ 30-32 ਸਾਲਾ ਨੌਜਵਾਨ ਬਾਈਕ ’ਤੇ ਕਾਪਾ ਲੈ ਕੇ ਘੁੰਮਦਾ ਨਜ਼ਰ ਆਇਆ, ਜਿਸ ਨੇ ਮਾਸਕ ਪਹਿਨ ਰੱਖਿਆ ਸੀ। ਪੁਲੀਸ ਉਕਤ ਲੁਟੇਰੇ ਦੀ ਭਾਲ ਕਰ ਰਹੀ ਹੈ।