ਬਲਜੀਤ ਸਿੰਘ
ਸਰਦੂਲਗੜ੍ਹ, 9 ਅਗਸਤ
ਲੱਖਾਂ ਕਰੋੜਾਂ ਰੁਪਏ ਦੀ ਲਾਗਤ ਨਾਲ ਬਣੀਆਂ ਸੜਕਾਂ ਟੁੱਟ ਰਹੀਆਂ ਹਨ ਪਰ ਸਬੰਧਤ ਮਹਿਕਮਾ ਅਤੇ ਪ੍ਰਸ਼ਾਸਨ ਇਸ ਵੱਲ ਕੋਈ ਵੀ ਧਿਆਨ ਨਹੀਂ ਦੇ ਰਿਹਾ। ਪਿੰਡ ਭੂੰਦੜ ਦੇ ਰਹਿਣ ਵਾਲੇ ਗੁਰਚੇਤ ਸਿੰਘ ਨਿੱਕਾ ਭੂੰਦੜ, ਦਵਿੰਦਰ ਸਿੰਘ, ਅਮਨਦੀਪ ਸਿੰਘ ਤੇ ਗੁਰਪਿਆਰ ਸਿੰਘ ਆਦਿ ਨੇ ਦੱਸਿਆ ਕਿ ਮਾਨਸਾ-ਸਰਦੂਲਗੜ੍ਹ ਸੜਕ ਤੋਂ ਨਿਕਲਦੀ ਭੂੰਦੜ ਨੂੰ ਜਾਣ ਵਾਲੀ ਲਿੰਕ ਸੜਕ ਆਮ ਜ਼ਮੀਨ ਨਾਲੋਂ 6-7 ਫੁੱਟ ਉੱਚੀ ਚੁੱਕ ਕੇ ਬਣਾਈ ਗਈ ਸੀ। ਮੀਂਹ ਪੈਣ ਕਾਰਨ ਇਸ ਸੜਕ ’ਤੇ ਪਏ ਘਾਰਿਆਂ ਨਾਲ ਇਹ ਸੜਕ ਬੁਰੀ ਤਰ੍ਹਾਂ ਟੁੱਟ ਚੁੱਕੀ ਹੈ ਤੇ ਕਿਸੇ ਵੀ ਵੇਲੇ ਕਿਸੇ ਵੱਡੇ ਹਾਦਸੇ ਨੂੰ ਜਨਮ ਦੇ ਸਕਦੀ ਹੈ। ਇਸ ਪਾਸੇ ਸਬੰਧਤ ਮਹਿਕਮੇ ਅਤੇ ਪ੍ਰਸ਼ਾਸਨ ਦਾ ਕੋਈ ਵੀ ਧਿਆਨ ਨਹੀਂ। ਉਨ੍ਹਾਂ ਸੂਬਾ ਸਰਕਾਰ, ਡਿਪਟੀ ਕਮਿਸ਼ਨਰ ਮਾਨਸਾ ਅਤੇ ਸਬੰਧਿਤ ਵਿਭਾਗ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਇਸ ਸੜਕ ਤੇ ਪਏ ਘਾਰਿਆਂ ਨੂੰ ਮਿੱਟੀ ਨਾਲ ਭਰਿਆ ਜਾਵੇ ਅਤੇ ਟੁੱਟ ਚੁੱਕੀ ਸੜਕ ਨੂੰ ਦੁਬਾਰਾ ਬਣਾਇਆ ਜਾਵੇ। ਇਸ ਸਬੰਧੀ ਮੰਡੀ ਬੋਰਡ ਦੇ ਜੇਈ ਬਲਵਿੰਦਰ ਸਿੰਘ ਦਾ ਕਹਿਣਾ ਹੈ ਕਿ ਕੱਲ੍ਹ ਨੂੰ ਉਹ ਮੌਕਾ ਦੇਖਣ ਤੋਂ ਬਾਅਦ ਇਸ ਦੀ ਰਿਪੋਰਟ ਐੱਸਡੀਓ ਮੰਡੀਬੋਰਡ ਨੂੰ ਦੇਵਾਂਗੇ ਅਤੇ ਉਸ ਤੋਂ ਬਾਅਦ ਹੀ ਅਗਲੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।