ਮਹਿੰਦਰ ਸਿੰਘ ਰੱਤੀਆਂ
ਮੋਗਾ, 26 ਫ਼ਰਵਰੀ
ਪੰਜਾਬ ਵਿਚ ਕਿਹੜੀ ਧਿਰ ਦੀ ਸਰਕਾਰ ਬਣੇਗੀ ਇਸ ਦਾ ਇਸ ਦਾ ਫੈਸਲਾ 10 ਮਾਰਚ ਨੂੰ ਹੋਣਾ ਹੈ। ਇਸ ਦਿਨ ਸਿਰਫ ਸਿਆਸੀ ਧਿਰਾਂ ਦੇ ਭਵਿੱਖ ਦਾ ਫੈਸਲਾ ਹੀ ਨਹੀਂ ਹੋਵੇਗਾ, ਸਗੋਂ ਮੋਗਾ ਨਗਰ ਨਿਗਮ ਦੀ ਪਹਿਲੀ ਮਹਿਲਾ ਮੇਅਰ ਨੀਤਿਕਾ ਭੱਲਾ ਦੀ ਕਿਸਮਤ ਦਾ ਵੀ ਫੈਸਲਾ ਹੋਵੇਗਾ। ਅਕਾਲੀ ਕੌਂਸਲਰਾਂ ਦੀ ਗਿਣਤੀ ਵਧਣ ਨਾਲ ਨਿਗਮ ਵਿੱਚ ਕਾਂਗਰਸ ਦੀ ਸੱਤਾ ਅਤੇ ਮੇਅਰ ਦੀ ਕੁਰਸੀ ਯਕੀਨਨ ਖਤਰੇ ਵਿੱਚ ਹੈ। ਵਿਧਾਨ ਸਭਾ ਚੋਣਾਂ ਦੌਰਾਨ ਨਗਰ ਨਿਗਮ ਦਾ ਗਣਿਤ ਵੀ ਬਦਲਣਾ ਸ਼ੁਰੂ ਹੋ ਗਿਆ ਹੈ। ਇਨ੍ਹਾਂ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਹੁਣ ਨਿਗਮ ਵਿਚ ਸਭ ਤੋਂ ਵੱਡੀ ਪਾਰਟੀ ਬਣ ਕੇ ਉਭਰਿਆ ਹੈ। ਕਾਂਗਰਸ ਦੇ ਚੋਣ ਨਿਸ਼ਾਨ ’ਤੇ ਜਿੱਤੇ ਤਿੰਨ ਕੌਂਸਲਰ ਅਕਾਲੀ ਦਲ ਵਿੱਚ ਅਤੇ ਇੱਕ ਭਾਜਪਾ ’ਚ ਸ਼ਾਮਲ ਹੋਣ ਨਾਲ ਕੁੱਲ 50 ਕੌਂਸਲਰਾਂ ਵਿੱਚੋਂ ਕਾਂਗਰਸ ਕੌਂਸਲਰਾਂ ਦੀ ਗਿਣਤੀ 20 ਤੋਂ ਘਟ ਕੇ 16 ਰਹਿ ਗਈ ਹੈ। ਜਦੋਂਕਿ ਅਕਾਲੀ ਕੌਂਸਲਰਾਂ ਦੀ ਗਿਣਤੀ 15 ਤੋਂ ਵਧ ਕੇ 19 ਹੋ ਗਈ ਹੈ। ਭਾਜਪਾ ਦੀ ਤਾਕਤ ਵੀ ਦੁੱਗਣੀ ਹੋ ਗਈ ਹੈ। ਭਾਜਪਾ ਦੇ ਕੌਂਸਲਰ ਹੁਣ ਇੱਕ ਤੋਂ ਦੋ ਕੌਂਸਲਰ ਅਤੇ ’ਆਪ’ ਦੇ 3 ਕੌਂਸਲਰ ਹਨ। ਨਿਗਮ ਵਿੱਚ ਬਹੁਮਤ ਹਾਸਲ ਕਰਨ ਲਈ 26 ਕੌਂਸਲਰਾਂ ਦੀ ਲੋੜ ਹੈ। ਅਜਿਹੇ ਵਿੱਚ ਸੂਬੇ ਦੀ ਸੱਤਾ ’ਤੇ ਬਹੁਤ ਕੁਝ ਨਿਰਭਰ ਕਰੇਗਾ। ਜੇਕਰ ਕਾਂਗਰਸ ਸੂਬੇ ਦੀ ਸੱਤਾ ਵਿੱਚ ਵਾਪਸੀ ਨਾ ਕਰ ਸਕੀ ਤਾਂ ਉਸ ਨੂੰ ਮੋਗਾ ਨਗਰ ਨਿਗਮ ਦੀ ਸੱਤਾ ਤੋਂ ਵੀ ਹੱਥ ਧੋਣੇ ਪੈਣਗੇ। ਨਗਰ ਨਿਗਮ ਕੌਂਸਲਰਾਂ ਦਾ ਪੁਰਾਣਾ ਇਤਿਹਾਸ ਹੈ ਕਿ ਆਜ਼ਾਦ ਕੌਂਸਲਰ ਹਮੇਸ਼ਾ ਸੱਤਾ ਦੇ ਨਾਲ ਰਹੇ ਹਨ। ਅਜਿਹੇ ਵਿੱਚ ਮੰਨਿਆ ਜਾ ਰਿਹਾ ਹੈ ਕਿ 10 ਮਾਰਚ ਨੂੰ ਨਾ ਸਿਰਫ ਪੰਜਾਬ ਸਰਕਾਰ ਦੇ ਭਵਿੱਖ ਦਾ ਫੈਸਲਾ ਹੋਵੇਗਾ, ਸਗੋਂ ਨਗਰ ਨਿਗਮ ਦੀ ਪਹਿਲੀ ਮਹਿਲਾ ਮੇਅਰ ਨੀਤਿਕਾ ਭੱਲਾ ਦੀ ਕਿਸਮਤ ਦਾ ਵੀ ਫੈਸਲਾ ਹੋਵੇਗਾ ਕਿ ਕੀ ਉਹ ਮੇਅਰ ਦੀ ਕੁਰਸੀ ਸੰਭਾਲੋ ਜਾਂ ਫਿਰ ਇਹ ਤਾਜ ਕਿਸੇ ਹੋਰ ਨੂੰ ਦਿੱਤਾ ਜਾਵੇਗਾ ਅਤੇ ਉਸ ਦੇ ਸਿਰ ਨੂੰ ਸਜਾਇਆ ਜਾਵੇਗਾ। ਕਾਂਗਰਸ ਛੱਡ ਕੇ ਭਾਜਪਾ ਟਿਕਟ ਉੱਤੇ ਵਿਧਾਨ ਸਭਾ ਚੋਣ ਪਿੜ ’ਚ ਉਤਰੇ ਵਿਧਾਇਕ ਹਰਜੋਤ ਕਮਲ ਦੀ ਬਦੌਲਤ ਨੀਤਿਕਾ ਮੇਅਰ ਬਣੀ ਸੀ। ਮੋਗਾ ਨਗਰ ਨਿਗਮ ਦੀਆਂ ਬੀਤੇ ਵਰ੍ਹੇ ਦੀ 14 ਫ਼ਰਵਰੀ ਨੂੰ ਹੋਈਆਂ ਚੋਣਾਂ ਵਿੱਚ ਕਾਂਗਰਸ 50 ਵਿੱਚੋਂ 20 ਕੌਂਸਲਰ ਜਿਤਾ ਸਕੀ ਸੀ। ਚੋਣ ਨਤੀਜਿਆਂ ਦੇ ਦੂਜੇ ਦਿਨ ਹੀ ਡਾ. ਹਰਜੋਤ ਕਮਲ ਨੇ 10 ਆਜ਼ਾਦ ਕੌਂਸਲਰਾਂ ਦੀ ਕਾਂਗਰਸ ’ਚ ਸ਼ਮੂਲੀਅਤ ਕਰਵਾਕੇ 26 ਕੌਂਸਲਰਾਂ ਦਾ ਬਹੁਤ ਹਾਸਲ ਕਰਕੇ ਨੀਤਿਕਾ ਭੱਲਾ ਨੂੰ ਮੇਅਰ ਬਣਾ ਦਿੱਤਾ ਸੀ। ਹੁਣ ਹਰਜੋਤ ਕਮਲ ਭਾਜਪਾ ’ਚ ਸ਼ਾਮਲ ਹੋ ਚੁੱਕੇ ਹਨ।