ਪੱਤਰ ਪ੍ਰੇਰਕ
ਚਾਉਕੇ, 4 ਅਗਸਤ
ਗ੍ਰਾਮ ਪੰਚਾਇਤ ਬੱਲ੍ਹੋ ਤੇ ਮਰਹੂਮ ਗੁਰਬਚਨ ਸਿੰਘ ਸੇਵਾ ਸੰਮਤੀ ਸੁਸਾਇਟੀ ਬੱਲ੍ਹੋ ਦੇ ਸਾਂਝੇ ਉਪਰਾਲੇ ਨਾਲ ਗ੍ਰਾਮ ਸਭਾ ਦੇ ਆਮ ਇਜਲਾਸ ਵਿੱਚ ਲੋਕ ਆਪਣੇ ਪਿੰਡ ਦੇ ਸਰਬਪੱਖੀ ਵਿਕਾਸ ਦਾ ਨਕਸ਼ਾ ਆਪ ਉਲੀਕਣਗੇ। ਸੰਸਥਾ ਦੇ ਸਰਪ੍ਰਸਤ ਗੁਰਮੀਤ ਸਿੰਘ ਮਾਨ ਨੇ ਦੱਸਿਆ ਕਿ ਅੱਠ ਅਗਸਤ ਨੂੰ ਸਰਕਾਰੀ ਹਾਈ ਸਕੂਲ ਦੇ ਖੇਡ ਮੈਦਾਨ ਵਿੱਚ ਪ੍ਰੀਤਮ ਕੌਰ ਅਧਿਕਾਰਤ ਪੰਚ ਦੀ ਅਗਵਾਈ ਵਾਲੇ ਆਮ ਇਜਲਾਸ ਵਿੱਚ ਕਈ ਅਹਿਮ ਫ਼ੈਸਲੇ ਕੀਤੇ ਜਾਣਗੇ। ਸਮਾਜ ਲਈ ਭਲਾਈ ਦੇ ਕੰਮ ਕਰਨ ਵਾਲੀਆ ਸ਼ਖ਼ਸੀਅਤਾਂ ਦਾ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ। ਇਨ੍ਹਾਂ ਵਿੱਚ ਮਨੁੱਖਤਾ ਦੀ ਵੱਡੀ ਸੇਵਾ ਕਰਨ ਵਾਲੇ ਗੁਰਪ੍ਰੀਤ ਸਿੰਘ ਮਿੰਟੂ, ਸੈਸਨਦੀਪ ਕੌਰ ਸਰਪੰਚ ਮਾਣਕ ਖਾਨਾ, ਮਿੰਟੂ ਸਰਪੰਚ ਰਣਸੀਹ ਕਲਾਂ, ਰਣਜੀਤ ਸਿੰਘ ਸਾਬਕਾ ਸਰਪੰਚ ਤਾਮਕੋਟ, ਮਲਕੀਤ ਖਾਨ ਸਰਪੰਚ ਰਾਏ ਖਾਨਾ ਅਤੇ ਸ਼ਹਿਦ ਉਤਪਾਦਕ ਜਗਤਾਰ ਸਿੰਘ ਸਨਮਾਨ ਕੀਤਾ ਜਾਵੇਗਾ। ਇਜਲਾਸ ਵਿੱਚ ਲੋਕਾਂ ਦੀ ਭਾਗੀਦਾਰੀ ਵਧਾਉਣ ਦੇ ਮਕਸਦ ਨਾਲ ਸਭਾ ਵਿੱਚ ਆਉਣ ਵਾਲੇ ਮੈਂਬਰਾਂ ਨੂੰ ਲੱਕੀ ਕੂਪਨ ਡਰਾਅ ਕੱਢਿਆ ਜਾਵੇਗਾ। ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਸਰਕਾਰੀ ਸਕੀਮਾਂ ਦੀ ਜਾਣਕਾਰੀ ਦੇਣਗੇ। ਸਰਕਾਰੀ ਹਾਈ ਸਕੂਲ ਬੱਲ੍ਹੋ ਦਾ ਸਾਲਾਨਾ ਪ੍ਰੋਗਰਾਮ ਕਰਵਾਇਆ ਜਾਵੇਗਾ। ਪੜ੍ਹਾਈ ਵਿੱਚ ਅੱਵਲ ਆਉਣ ਵਾਲੇ ਵਿਦਿਆਰਥੀਆਂ ਦਾ ਸਨਮਾਨ ਮਰਹੂਮ ਗੁਰਬਚਨ ਸਿੰਘ ਸੇਵਾ ਸੰਮਤੀ ਸੁਸਾਇਟੀ ਤਰਫ਼ੋਂ ਕੀਤਾ ਜਾਵੇਗਾ।