ਗੁਰਸੇਵਕ ਸਿੰਘ ਪ੍ਰੀਤ
ਸ੍ਰੀ ਮੁਕਤਸਰ ਸਾਹਿਬ, 21 ਦਸੰਬਰ
ਕਰੋਨਾ ਮਹਾਂਮਾਰੀ ਦੇ ਉਤਰਾਅ-ਚੜ੍ਹਾਅ ਦੇ ਚੱਲਦਿਆਂ ਇਤਿਹਾਸਕ ਤੇ ਧਾਰਮਿਕ ਮਹੱਤਤਾ ਵਾਲੇ ਮੁਕਤਸਰ ਦੇ ਮੇਲਾ ਮਾਘੀ ਨੂੰ ਮੁਕਤਸਰ ਪ੍ਰਸ਼ਾਸਨ ਵੱਲੋਂ ਰੈਡ ਕਰਾਸ ਦੇ ਰਾਹੀਂ 61 ਲੱਖ ਰੁਪਏ ਵਿੱਚ ਵੇਚ ਦਿੱਤਾ ਹੈ। ਸਭ ਤੋਂ ਵੱਧ ਬੋਲੀ ਦੇ ਇਹ ਮੇਲਾ ਸ਼ਕੂਰ ਬਸਤੀ ਦਿੱਲੀ ਦੇ ਰਹਿਣ ਵਾਲੇ ਸੱਤ ਨਰਾਇਣ ਨੇ ਖ਼ਰੀਦਿਆ ਹੈ। ਰੈੱਡ ਕਰਾਸ ਦੇ ਸਕੱਤਰ ਪ੍ਰੋ. ਗੋਪਾਲ ਸਿੰਘ ਨੇ ਦੱਸਿਆ ਕਿ ਇਹ ਮੇਲਾ 61 ਲੱਖ ਰੁਪਏ ਅਲਾਟ ਕੀਤਾ ਗਿਆ ਹੈ। ਮੇਲਾ ਮਲੋਟ ਰੋਡ ਉਪਰ ਪਹਿਲਾਂ ਵਾਲੀ ਜਗ੍ਹਾ ਉਪਰ ਹੀ ਲੱਗੇਗਾ। ਇਸ ਵਾਸਤੇ ਕਰੋਨਾ ਦੇ ਨੇਮਾਂ ਦਾ ਖਾਸ ਖਿਆਲ ਰੱਖਿਆ ਜਾਵੇਗਾ। ਦੱਸਣਯੋਗ ਹੈ ਕਿ ਰੈੱਡ ਕਰਾਸ ਵੱਲੋਂ ਠੇਕੇਦਾਰ ਪਾਸੋਂ ਵਸੂਲ ਪਾਏ 61 ਲੱਖ ਰੁਪਏ ਵਿਚੋਂ
18 ਪ੍ਰਤੀਸ਼ਤ ਜੀਐਸਟੀ ਜੋ ਕਰੀਬ 11 ਲੱਖ ਰੁਪਏ ਬਣਦਾ ਹੈ ਅਦਾ ਕੀਤਾ ਜਾਵੇਗਾ। ਇਸ ਤੋਂ ਬਿਨ੍ਹਾਂ ਮੇਲਾ ਗਰਾਊਂਡ ਲਈ ਲੋੜੀਂਦੀ ਜ਼ਮੀਨ ਦਾ ਠੇਕਾ ਕਰੀਬ 7 ਲੱਖ ਰੁਪਏ ਵੀ ਰੈੱਡ ਕਰਾਸ ਵੱਲੋਂ ਅਦਾ ਕੀਤਾ ਜਾਵੇਗਾ। ਇਸ ਤਰ੍ਹਾਂ ਰੈੱਡ ਕਰਾਸ ਦੇ ਹੱਥ ਕਰੀਬ 43 ਲੱਖ ਰੁਪਏ ਆਉਣਗੇ ਜਦੋਂ ਕਿ ਪਿਛਲੇ ਵਰ੍ਹੇ ਇਹ ਠੇਕਾ 42 ਲੱਖ ਵਿੱਚ ਅਲਾਟ ਕੀਤਾ ਗਿਆ, ਜਿਸ ਵਿੱਚੋਂ 18 ਪ੍ਰਤੀਸ਼ਤ ਜੀਐੱਸਟੀ ਰੈੱਡ ਕਰਾਸ ਨੇ ਦਿੱਤਾ ਸੀ ਜਦੋਂ ਕਿ ਜਗ੍ਹਾ ਦੀ ਖ਼ਰੀਦ ਠੇਕੇਦਾਰ ਨੇ ਕੀਤੀ ਹੈ। ਠੇਕੇਦਾਰ ਦੇ ਬੁਲਾਰੇ ਨੇ ਦੱਸਿਆ ਕਿ ਕਰੋਨਾ ਕਰਕੇ ਉਨ੍ਹਾਂ ਕਾਫੀ ਸਮੇਂ ਬਾਅਦ ਮੰਨੋਰੰਜਨ ਮੇਲਾ ਲਿਆ ਹੈ ਜਿਸ ਕਰਕੇ ਕਾਫੀ ਰਿਸਕ ਬਣਿਆ ਹੋਇਆ ਹੈ।