ਪੱਤਰ ਪ੍ਰੇਰਕ
ਮਾਨਸਾ, 29 ਅਗਸਤ
ਮਾਲਵਾ ਖੇਤਰ ’ਚ ਚਿੱਟੀ ਮੱਖੀ-ਗੁਲਾਬੀ ਸੁੰਡੀ ਦੇ ਹਮਲੇ ਦੌਰਾਨ ਖੇਤੀ ਨਾਲ ਸਬੰਧਤ ਪ੍ਰਾਈਵੇਟ ਕੰਪਨੀਆਂ ਨੇ ਇਸ਼ਤਿਹਾਰਬਾਜ਼ੀ ਦੇ ਆਸਰੇ ਖੇਤੀ ਵਿਭਾਗ ਦੀਆਂ ਸਕੀਮਾਂ ਨੂੰ ਪ੍ਰਭਾਵਿਤ ਕਰਨਾ ਸ਼ੁਰੂ ਕਰ ਦਿੱਤਾ ਹੈ। ਇਨ੍ਹਾਂ ਕੰਪਨੀਆਂ ਨੇ ਇਸ਼ਤਿਹਾਰਾਂ ਦੇ ਜ਼ੋਰ ’ਤੇ ਕੁੱਝ ਅਜਿਹੀਆਂ ਦਵਾਈਆਂ ਕਿਸਾਨਾਂ ਦੇ ਖੇਤਾਂ ਵਿੱਚ ਛਿੜਕਾਅ ਦਿੱਤੀਆਂ ਹਨ ਜਿਨ੍ਹਾਂ ਨੂੰ ਖੇਤੀ ਯੂਨੀਵਰਸਿਟੀ ਨੇ ਕਦੇ ਮਾਨਤਾ ਹੀ ਨਹੀਂ ਦਿੱਤੀ। ਇਹ ਪ੍ਰਾਈਵੇਟ ਕੰਪਨੀਆਂ ਆਪਣੇ ਇਸ਼ਤਿਹਾਰਾਂ ਨੂੰ ਧੜਾਧੜ ਪ੍ਰਾਈਵੇਟ ਤੇ ਸਰਕਾਰੀ ਬੱਸਾਂ ਸਮੇਤ ਹੋਰ ਸਰਕਾਰੀ ਅਦਾਰਿਆਂ ਅਤੇ ਆਮ ਜਨਤਕ ਥਾਵਾਂ ’ਤੇ ਲਗਾ ਰਹੀਆਂ ਹਨ। ਦੂਜੇ ਪਾਸੇ ਫੰਡਾਂ ਦੀ ਘਾਟ ਕਾਰਨ ਖੇਤੀ ਵਿਭਾਗ ਦਾ ਜ਼ਿਲ੍ਹਾ ਪੱਧਰੀ ਦਫ਼ਤਰ ਲੋਕ ਹਿੱਤਾਂ ਵਾਲੇ ਇਸ਼ਤਿਹਾਰ ਦੇਣ ਤੋਂ ਟਾਲਾ ਵੱਟ ਰਿਹਾ ਹੈ। ਅੱਜ-ਕੱਲ੍ਹ ਅਜਿਹੀਆਂ ਕੰਪਨੀਆਂ ਆਪਣੇ ਇਸ਼ਤਿਹਾਰ ਲੈ ਕੇ ਪਿੰਡਾਂ ਵਿੱਚ ਪੁੱਜ ਰਹੀਆਂ ਹਨ। ਕੰਪਨੀ ਦੇ ਨੁਮਾਇੰਦੇ ਪਿੰਡਾਂ ਵਿੱਚ ਕੰਪਨੀ ਦੇ ਇਸ਼ਤਿਹਾਰਾਂ ਦਾ ਲਾਹਾ ਲੈ ਕੇ ਕਿਸਾਨਾਂ ਨੂੰ ਉਨ੍ਹਾਂ ਦੇ ਬਰਾਂਡ ਵਰਤਣ ਦੀ ਸਲਾਹ ਦੇ ਰਹੇ ਹਨ।
ਪਤਾ ਲੱਗਾ ਹੈ ਕਿ ਕਈ ਕੰਪਨੀਆਂ ਨੇ ਪਿੰਡਾਂ ਵਿੱਚ ਵਿਹਲੀਆਂ ਅਤੇ ਵੱਡੀਆਂ ਕੰਧਾਂ ਨੂੰ ਇਸ਼ਤਿਹਾਰਬਾਜ਼ੀ ਨਾਲ ਭਰਿਆ ਹੋਇਆ ਹੈ। ਖੇਤਾਂ ਵਿਚ ਲੱਗੀਆਂ ਮੋਟਰਾਂ ਦੇ ਕੋਠੇ ਤੇ ਕਿਸਾਨਾਂ ਦੀਆਂ ਟਰਾਲੀਆਂ ’ਤੇ ਰੰਗ-ਰੋਗਨ ਕਰ ਕੇ ਵੱਡੀ ਪੱਧਰ ’ਤੇ ਅਜਿਹੀ ਇਸ਼ਤਿਹਾਰਬਾਜ਼ੀ ਕੀਤੀ ਜਾ ਰਹੀ ਹੈ। ਪਤਾ ਲੱਗਾ ਹੈ ਕਿ ਕੰਪਨੀਆਂ ਦੇ ਇਹ ਏਜੰਟ ਸਿੱਧਾ ਕਿਸਾਨਾਂ ਨਾਲ ਸੰਪਰਕ ਕਰ ਰਹੇ ਹਨ ਅਤੇ ਦਵਾਈ ਤੇ ਖਾਦ, ਖੁਦ ਉਨ੍ਹਾਂ ਦੇ ਘਰਾਂ ਤੱਕ ਪਹੁੰਚਾ ਰਹੇ ਹਨ। ਇਹ ਵੀ ਵੇਰਵੇ ਮਿਲੇ ਹਨ ਕਿ ਉਹ ਆਮ ਤੌਰ ’ਤੇ ਪਿੰਡਾਂ ਦੇ ਹੀ ਅੰਡਰ ਗ੍ਰੈਜੁਏਟ ਮੁੰਡੇ ਇਸ ਕੰਮ ਨੂੰ ਕਰਦੇ ਹਨ। ਉਹ ਮੁੰਡਿਆਂ ਨੂੰ ਤਨਖਾਹ ਦੇ ਨਾਲ ਕਮਿਸ਼ਨ ਵੀ ਦਿੰਦੇ ਹਨ। ਖੇਤੀਬਾੜੀ ਵਿਭਾਗ ਆਪਣੀਆਂ ਨੀਤੀਆਂ ਨੂੰ ਲੋਕਾਂ ਵਿੱਚ ਲਿਜਾਣ ਲਈ ਫੰਡਾਂ ਦੀ ਘਾਟ ਨਾਲ ਜੂਝ ਰਿਹਾ ਹੈ, ਪਰ ਫਿਰ ਵੀ ਉਸ ਦੇ ਕੁੱਝ ਮਾਹਿਰਾਂ ਨੇ ਵਿਭਾਗ ਦੀਆਂ ਸਿਫਾਰਸ਼ਾਂ ਦੇ ਉਲਟ ਦਵਾਈਆਂ ਵਰਤਣ ਤੋਂ ਵਰਜਣਾ ਸ਼ੁਰੂ ਕਰ ਦਿੱਤਾ ਹੈ।
ਕੀ ਕਹਿੰਦੇ ਨੇ ਅਧਿਕਾਰੀ
ਮਾਨਸਾ ਸਥਿਤ ਖੇਤੀਬਾੜੀ ਵਿਭਾਗ ਦੇ ਜ਼ਿਲ੍ਹਾ ਮੁੱਖ ਅਫਸਰ ਡਾ. ਮਨੋਜ਼ ਕੁਮਾਰ ਨੇ ਇਸ ਸਬੰਧੀ ਦੱਸਿਆ ਕਿ ਗੈਰ-ਮਿਆਰੀ ਕੰਪਨੀਆਂ ਵਿਰੁੱਧ ਆਰੰਭੀ ਮੁਹਿੰਮ ਦੇ ਚੰਗੇ ਨਤੀਜੇ ਸਾਹਮਣੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਹੁਣ ਗਾਹਕ ਵਿਭਾਗ ਦੀਆਂ ਸਿਫਾਰਸ਼ਾਂ ਨੂੰ ਵੱਧ ਤਰਜੀਹ ਦਿੰਦਾ ਹੈ, ਨਾ ਕਿ ਪ੍ਰਾਈਵੇਟ ਇਸ਼ਤਿਹਾਰਾਂ ਪਿੱਛੇ ਦੌੜਦਾ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਇਹ ਸਮਝ ਆ ਗਈ ਹੈ ਕਿ ਹੁਣ ਮਸ਼ਹੂਰੀਆਂ ਆਸਰੇ ਸੌਦਾ-ਪੱਤਾ ਵੇਚਣ ਵਾਲੀਆਂ ਕੰਪਨੀਆਂ ਦੀਆਂ ਦਵਾਈਆਂ ਖੇਤਾਂ ਵਿੱਚ ਕਿੰਨੀਆਂ ਕੁ ਕਾਰਗਰ ਸਿੱਧ ਹੁੰਦੀਆਂ ਹਨ।