ਸ਼ਗਨ ਕਟਾਰੀਆ
ਬਠਿੰਡਾ, 30 ਜੂਨ
ਕੇਂਦਰੀ ਖੇਤੀ ਆਰਡੀਨੈਂਸ ਸਮੇਤ ਲੋਕ-ਦੋਖੀ ਸਰਕਾਰੀ ਨੀਤੀਆਂ ਖ਼ਿਲਾਫ਼ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਸੱਦੇ ’ਤੇ ਇੱਥੇ ਡੀ.ਸੀ. ਦਫ਼ਤਰ ਦੇ ਸਾਹਮਣੇ ਧਰਨਾ ਲਾਇਆ ਗਿਆ। ਧਰਨੇ ’ਚ ਸ਼ਾਮਿਲ ਹੋਏ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਨੇ ਪ੍ਰਧਾਨ ਮੰਤਰੀ ਦੇ ਨਾਂਅ ਮੰਗ-ਪੱਤਰ ਡਿਪਟੀ ਕਮਿਸ਼ਨਰ ਨੂੰ ਸੌਂਪਿਆ। ਯੂਨੀਅਨ ਦੀ ਕਾਰਜਕਾਰੀ ਸੂਬਾਈ ਜਨਰਲ ਸਕੱਤਰ ਹਰਿੰਦਰ ਬਿੰਦੂ, ਜ਼ਿਲ੍ਹਾ ਪ੍ਰਧਾਨ ਰਾਜਵਿੰਦਰ ਸਿੰਘ ਰਾਜੂ, ਜਗਦੇਵ ਸਿੰਘ ਜੋਗੇਵਾਲਾ, ਹਰਪ੍ਰੀਤ ਕੌਰ ਜੇਠੂ ਕੇ, ਨਿੱਕਾ ਜੇਠੂ ਕੇ, ਬਲਜੀਤ ਪੂਹਲਾ, ਅਜੈ ਪਾਲ ਘੁੱਦਾ ਅਤੇ ਸੁਖਜੀਤ ਕੋਠਾ ਗੁਰੂ ਨੇ ਧਰਨੇ ਨੂੰ ਸੰਬੋਧਨ ਕਰਦਿਆਂ ਮੋਦੀ ਹਕੂਮਤ ਦੇ ‘ਕਰੂਪ ਚਿਹਰੇ’ ਨੂੰ ਬੇਪਰਦ ਕੀਤਾ।
ਉਨ੍ਹਾਂ ਕਿਹਾ ਕਿ ਕਰੋਨਾ ਦਾ ਡਰ ਵਿਖਾ ਕੇ ਭਾਜਪਾ ਸਰਕਾਰ ਨੇ ਲੌਕਡਾਊਨ ਨੂੰ ਮੋਰਚਾ ਬਣਾਇਆ। ਘਰਾਂ ’ਚ ਬੰਦ ਲੋਕਾਂ ਨੂੰ ਟੀ.ਵੀ. ’ਤੇ ‘ਮਿੱਤਰੋ’ ਕਹਿ ਕੇ ਸਰਮਾਏਦਾਰ ਘਰਾਣਿਆਂ ਨਾਲ ‘ਮਿੱਤਰਤਾ’ ਪੁਗਾਈ ਗਈ। ਬੁਲਾਰਿਆਂ ਕਿਹਾ ਕਿ ਖੇਤੀ, ਕਿਰਤ-ਕਾਨੂੰਨ ਸੋਧ, ਬਿਜਲੀ ਐਕਟ ਸੋਧ ਵਰਗੇ ਆਰਡੀਨੈਂਸਾਂ ਰਾਹੀਂ ਹੱਥੀਂ ਕਿਰਤ ਕਰਨ ਵਾਲਿਆਂ ਦੀ ਗਰਦਨ ’ਤੇ ਤਲਵਾਰ ਲਟਕਾ ਦਿੱਤੀ ਗਈ। ਇਕ ਮਹੀਨੇ ਤੋਂ ਰੋਜ਼ਾਨਾ ਵਧਦੀਆਂ ਡੀਜ਼ਲ-ਪੈਟਰੌਲ ਦੀਆਂ ਕੀਮਤਾਂ ਨੇ ਗਰੀਬਾਂ ਕੋਲੋਂ ਕਿਸ਼ਤਾਂ ’ਤੇ ਖ਼ਰੀਦੇ ਦੋਪਹੀਆ ਵਾਹਨ ਵੀ ਦੂਰ ਕਰ ਦਿੱਤੇ ਹਨ।
ਮਾਨਸਾ (ਜੋਗਿੰਦਰ ਸਿੰਘ ਮਾਨ): ਪੰਜਾਬ ਕਿਸਾਨ ਯੂਨੀਅਨ ਤੇ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਵੱਲੋਂ ਅੱਜ ਡੀਜ਼ਲ-ਪੈਟਰੋਲ ਦੀਆਂ ਕੀਮਤਾਂ ਵਿੱਚ ਵਾਧੇ ਖ਼ਿਲਾਫ਼ ਪੈਟਰੋਲ ਪੰਪਾਂ ‘ਤੇ ਕੇਂਦਰ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕੀਤੇ ਗਏ ਅਤੇ ਮਾਨਸਾ ਕੈਂਚੀਆਂ ਚੌਕ ਵਿੱਚ ਪੁਤਲੇ ਵੀ ਫੂਕੇ ਗਏ। ਇਸੇ ਦੌਰਾਨ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਕਿਸਾਨ ਵਿਰੋਧੀ ਆਰਡੀਨੈਂਸਾਂ ਖਿਲਾਫ਼ ਜ਼ਿਲ੍ਹਾ ਕਚਹਿਰੀਆਂ ਮਾਨਸਾ ਵਿਖੇ ਧਰਨਾ ਦਿੰਦਿਆਂ ਨਾਅਰੇਬਾਜ਼ੀ ਕੀਤੀ ਗਈ। ਪੰਜਾਬ ਕਿਸਾਨ ਯੂਨੀਅਨ ਦੇ ਸੂਬਾਈ ਸੀਨੀਅਰ ਮੀਤ ਪ੍ਰਧਾਨ ਗੋਰਾ ਸਿੰਘ ਭੈਣੀਬਾਘਾ ਤੇ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਜਨਰਲ ਸਕੱਤਰ ਮਹਿੰਦਰ ਸਿੰਘ ਭੈਣੀਬਾਘਾ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਡੀਜ਼ਲ-ਪੈਟਰੋਲ ਦੀਆਂ ਕੀਮਤਾਂ ਵਿੱਚ ਵਾਧਾ ਕਰਕੇ ਆਮ ਲੋਕਾਂ ਦਾ ਕਚੂੰਮਰ ਕੱਢ ਕੇ ਰੱਖ ਦਿੱਤਾ ਹੈ, ਦੂਜਾ ਤੇਲ ਕੰਪਨੀਆਂ ਨੂੰ ਮਾਲਾ-ਮਾਲ ਕੀਤਾ ਜਾ ਰਿਹਾ ਹੈ। ਇਸੇ ਦੌਰਾਨ ਹੀ ਆਲ ਇੰਡੀਆ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਦੇ ਸੱਦੇ ਤਹਿਤ ਅੱਜ ਮਾਨਸਾ ਬੱਸ ਸਟੈਂਡ ਦੇ ਨਜ਼ਦੀਕ ਰੋਸ ਮੁਜ਼ਾਹਰਾ ਕੀਤਾ ਗਿਆ।
ਇਸ ਮੌਕੇ ਜਥੇਬੰਦਕ ਆਗੂ ਐਡਵੋਕੇਟ ਬਲਵੀਰ ਕੌਰ ਅਤੇ ਜਮਹੂਰੀ ਕਿਸਾਨ ਸਭਾ ਦੇ ਮੇਜਰ ਸਿੰਘ ਦੂਲੋਵਾਲ, ਇਕਬਾਲ ਸਿੰਘ, ਕ੍ਰਿਸ਼ਨ ਚੌਹਾਨ, ਸੁਖਚਰਨ ਦਾਨੇਵਾਲੀਆ, ਮੱਖਣ ਮਾਨ, ਮਨਜੀਤ ਧਿੰਗੜ, ਮਨਜੀਤ ਔਲਖ, ਹਾਕਮ ਸਿੰਘ ਜਵਾਹਰਕੇ, ਗੁਰਚਰਨ ਸਿੰਘ ਜਵਾਹਰਕੇ, ਮਿੱਠੂ ਸਿੰਘ ਮੰਦਰਾਂ, ਕਾਕਾ ਸਿੰਘ ਮਾਨਸਾ ਅਤੇ ਐਡਵੋਕੇਟ ਬਲਵੀਰ ਕੌਰ ਆਦਿ ਨੇ ਵੀ ਸੰਬੋਧਨ ਕੀਤਾ।
ਮੋਗਾ (ਮਹਿੰਦਰ ਸਿੰਘ ਰੱਤੀਆਂ): ਇੱਥੇ ਜ਼ਿਲ੍ਹਾ ਸਕੱਤਰੇਤ ਅੱਗੇ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਨੇ ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਆਰਡੀਨੈਂਸਾਂ, ਬਿਜਲੀ ਸੋਧ ਬਿੱਲ 2020 ਅਤੇ ਡੀਜ਼ਲ-ਪੈਟਰੋਲ ਦੀਆਂ ਕੀਮਤਾਂ ਵਧਾਉਣ ਖ਼ਿਲਾਫ਼ ਰੋਸ ਰੈਲੀ ਕੀਤੀ। ਬਾਘਾਪੁਰਾਣਾ, ਨਿਹਾਲ ਸਿੰਘ ਵਾਲਾ ਅਤੇ ਧਰਮਕੋਟ ਵਿਖੇ ਵੀ ਮੋਦੀ ਸਰਕਾਰ ਦੀਆਂ ਲੋਕ ਤੇ ਕਿਸਾਨ ਮਾਰੂ ਨੀਤੀਆਂ ਖ਼ਿਲਾਫ਼ ਧਰਨੇ ਦਿੱਤੇ ਗਏ ਅਤੇ ਪ੍ਰਸ਼ਾਸਨ ਨੂੰ ਮੰਗ ਪੱਤਰ ਦਿੱਤੇ ਗਏ।
ਇਥੇ ਜਥੇਬੰਦੀ ਆਗੂ ਬਲੌਰ ਸਿੰਘ ਘਾਲੀ,ਗੁਰਭਿੰਦਰ ਸਿੰਘ ਕੋਕਰੀ ਅਤੇ ਨਛੱਤਰ ਸਿੰਘ ਕੋਕਰੀ ਨੇ ਮੰਗ ਕੀਤੀ ਕਿ ਕੇਂਦਰ ਸਰਕਾਰ ਤੇਲ ਦੀਆਂ ਕੀਮਤਾਂ ਨੂੰ ਆਏ ਦਿਨ ਵਧਾਉਣ ਵਾਲੀ ਨੀਤੀ ਬੰਦ ਕਰੇ, ਖੇਤੀ ਲਈ ਡੀਜ਼ਲ ਅੱਧੇ ਮੁੱਲ ‘ਤੇ ਦੇਣ ਲਈ ਕਾਨੂੰਨ ਬਣਾਇਆ ਜਾਵੇ, ਖੇਤੀ ਕਿੱਤੇ ਨੂੰ ਘਾਟੇ ਤੋਂ ਬਾਹਰ ਕੱਢਿਆ ਜਾਵੇ, ਬਿਜਲੀ ਸੋਧ ਬਿੱਲ 2020 ਵਾਪਸ ਲੈਣ ਦੀ ਮੰਗ ਕੀਤੀ। ਇਸੇ ਦੌਰਾਨ ਨਿਹਾਲ ਸਿੰਘ ਵਾਲਾ ਜਥੇਬੰਦੀ ਜ਼ਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਸੈਦੋਕੇ,ਬਾਘਾਪੁਰਾਣਾ ਗੁਰਦਰਸ਼ਨ ਸਿੰਘ ਸੇਖਾ,ਧਰਮਕੋਟ ਵਿਖੇ ਗੁਰਮੀਤ ਸਿੰਘ ਕਿਸ਼ਨਪੁਰਾ ਦੀ ਅਗਵਾਈ ਹੇਠ ਕਿਸਾਨਾਂ ਵੱਲੋਂ ਧਰਨੇ ਦਿੱਤੇ ਗਏ।
ਕਿਸਾਨੀ ਹਿੱਤਾਂ ਨੂੰ ਨਿੱਜੀ ਹੱਥਾਂ ’ਚ ਵੇਚਣ ਦਾ ਦੋਸ਼
ਸ੍ਰੀ ਮੁਕਤਸਰ ਸਾਹਿਬ (ਗੁਰਸੇਵਕ ਸਿੰਘ ਪ੍ਰੀਤ): ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਤਿੰਨ ਆਰਡੀਨੈਂਸਾਂ ਤੇ ਹੋਰ ਕਿਸਾਨ ਮਾਰੂ ਫੈਸਲਿਆਂ ਖ਼ਿਲਾਫ਼ ਭਾਰਤੀ ਕਿਸਾਨ ਯੂਨੀਅਨ (ਏਕਤਾ) ਉਗਰਾਹਾਂ ਵੱਲੋਂ ਮੁਕਤਸਰ ਦੇ ਡੀਸੀ ਦਫਤਰ ਅੱਗੇ ਧਰਨਾ ਦਿੱਤਾ ਗਿਆ। ਜ਼ਿਲ੍ਹਾ ਪ੍ਰਧਾਨ ਪੂਰਨ ਸਿੰਘ ਦੋਦਾ, ਗੁਰਭਗਤ ਸਿੰਘ ਭਲਾਈਆਣਾ, ਸੁਖਰਾਜ ਸਿੰਘ ਰਹੂੜਿਆਂਵਾਲੀ, ਹਰਫੂਲ ਸਿੰਘ ਭਾਗਸਰ, ਜਸਵੀਰ ਸਿੰਘ ਮਹਾਂਬੱਧਰ, ਅਜੈਬ ਸਿੰਘ ਮੱਲਣ, ਜੁਗਿੰਦਰ ਸਿੰਘ ਬੁੱਟਰਸ਼ਰੀਂ ਤੇ ਵਕੀਲ ਸਿੰਘ ਰਖਾਲਾ ਨੇ ਕਿਹਾ ਕਿ ਸਰਕਾਰ ਆਪਣੀਆ ਜ਼ਿੰਮੇਵਾਰੀਆਂ ਪੂਰੀਆਂ ਕਰਨ ਦੀ ਬਜਾਏ ਕਿਸਾਨਾਂ ਦੇ ਹਿੱਤਾਂ ਨੂੰ ਨਿੱਜੀ ਹੱਥਾਂ ਵਿੱਚ ਵੇਚ ਰਹੀ ਹੈ।